Wednesday, March 12, 2014

GURDWARA Concept and History by Dr Dilgeer

ਗੁਰਦੁਆਰਾ (ਤਵਾਰੀਖ਼ ਅਤੇ ਫ਼ਲਸਫ਼ਾ) ਡਾਕਟਰ ਹਰਜਿੰਦਰ ਸਿੰਘ ਦਿਲਗੀਰ


ਗੁਰਦੁਆਰਾ (ਤਵਾਰੀਖ਼ ਅਤੇ ਫ਼ਲਸਫ਼ਾ)

ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਗੁਰਦੁਆਰਾ ਲਫ਼ਜ਼ ਦੋ ਲਫ਼ਜ਼ਾਂ ਦੇ ਮੇਲ ਤੋਂ ਬਣਿਆ ਹੈ: ‘ਗੁਰੂ’ ਤੇ ‘ਦੁਆਰਾ’ (ਦਰਵਾਜ਼ਾ)। .ਇਸ ਨੂੰ ਅਸੀਂ ‘ਗੁਰੂ ਨੂੰ ਮਿਲਣ ਦੇ ਰਸਤੇ ਦਾ ਦਰਵਾਜ਼ਾ’ ਆਖ ਸਕਦੇ ਹਾਂ; ਜਾਂ ਇੰਞ ਆਖ ਲਓ ਕਿ ਜਿਸ ਦਰ ’ਤੇ ਜਾ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਈਦਾ ਹੈ; ਅਤੇ, ਜਿਸ ਤੋਂ ਅੱਗੇ ਅਸੀਂ ਵਾਹਿਗੁਰੂ ਨੂੰ ਮਿਲਣ ਵਾਸਤੇ ਸਫ਼ਰ ਸ਼ੁਰੂ ਕਰਦੇ ਹਾਂ।ਗੁਰਦੁਆਰਾ ‘ਗੁਰੂ ਦਾ ਘਰ’ ਨਹੀਂ ਹੈ; ਇਸ ਨੂੰ ‘ਗੁਰੂ-ਘਰ’ ਕਹਿਣਾ ਗ਼ਲਤ ਹੈ; ਇਹ ਕੋਈ ਇਮਾਰਤ ਨਹੀਂ ਹੈ। ਗੁਰਦੁਆਰਾ, ਸਿੱਖ ਵਾਸਤੇ, ਗੁਰੂ ਨੂੰ ਮਿਲਣ ਦੇ ਰਸਤੇ ‘ਤੇ (ਅਤੇ ਇਸ ਮਗਰੋਂ ਰੱਬ ਨਾਲ ਮਿਲਾਪ ਦੇ ਰਸਤੇ ‘ਤੇ) ਜਾਣ, ਗੁਰੂ ਵੱਲ ਟੁਰਨ ਦੀ, ਸਿੱਖੀ ਗਾਡੀ ਰਾਹ ਦੀ, ਸ਼ੁਰੂਆਤ ਹੈ, ਅਖ਼ੀਰ ਨਹੀਂ। ਗੁਰਦੁਆਰੇ ਜਾਣਾ, ਮੱਥਾ ਟੇਕਣਾ, ਪ੍ਰਸ਼ਾਦ ਲੈਣਾ, ਲੰਗਰ ਛਕਣਾ, ਕੀਰਤਨ, ਕਥਾ, ਲੈਕਚਰ ਸੁਣਨਾ ਸਿੱਖੀ ਦੀ ਸਿਰਫ਼ ਸ਼ੁਰੂਆਤ ਹਨ; ਗੁਰੂ ਦੀ ਸਿਖਿਆ ‘ਤੇ ਅਮਲ ਕਰਨਾ ਇਸ ਦਾ ਅਗਲਾ ਪੜਾਅ ਹੈ। ਸੱਚੀ ਸਿੱਖੀ ਜਿਊਣਾ ਮੁਕਤੀ ਦੀ ਸ਼ੁਰੂਆਤ ਹੈ। ਜਿਵੇਂ ਸਕੂਲ ਦੇ ਗੇਟ ਤਕ ਜਾਣ ਨਾਲ ਕਈ ਸ਼ਖ਼ਸ ਇਮਤਿਹਾਨ ਵਿਚੋਂ ਪਾਸ ਨਹੀਂ ਹੋ ਜਾਂਦਾ; ਅਤੇ, ਉਸ ਨੂੰ ਜਮਾਤ ਵਿਚ ਜਾ ਕੇ, ਪੜ੍ਹਾਈ ਕਰ ਕੇ, ਸਬਕ ਨੂੰ ਸਮਝ ਕੇ, ਯਾਦ ਕਰ ਕੇ, ਮਨ ਵਿਚ ਵਸਾ ਕੇ, ਇਮਤਿਹਾਨ ਦੇਣਾ ਅਤੇ ਪਾਸ ਕਰਨਾ ਪੈਂਦਾ ਹੈ ਤਾਂ ਉਸ ਨੂੰ ਸਨਦ (ਸਰਟੀਫ਼ਿਕੇਟ) ਹਾਸਿਲ ਹੁੰਦੀ ਹੈ। ਸਿਰਫ਼ ਗੁਰਦੁਆਰੇ (ਗੁਰੂ ਦੇ ਦਰਵਾਜ਼ੇ ‘ਤੇ) ਜਾਣ ਨਾਲ ਸਿੱਖ ਪੂਰਾ ਨਹੀਂ ਹੋ ਜਾਂਦਾ, ਉਹ ਅਧੂਰਾ ਹੈ; ਉਸ ਨੂੰ ਸਿੱਖੀ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ, ਯਾਨਿ ਸਿੱਖੀ ਜਿਊਣੀ ਪੈਂਦੀ ਹੈ। ਇਕ ਹੋਰ ਗੱਲ ਸਮਝਣ ਵਾਲੀ ਹੈ: ਕਈ ਲੋਕ ਗੁਰਦੁਆਰੇ ਨੂੰ ‘ਰੱਬ ਦਾ ਘਰ’ ਵੀ ਕਹਿ ਦੇਂਦੇ ਹਨ; ਇਹ ਵੀ ਸਹੀ ਨਹੀਂ ਹੈ। ਰੱਬ (ਸਿਰਫ਼) ਗੁਰਦੁਆਰੇ ਵਿਚ ਨਹੀਂ ਵਸਦਾ; ਉਹ ਤਾਂ ਹਰ ਜਗਹ ਮੌਜੂਦ ਹੈ; ਉਹ ਘਟ-ਘਟ (ਯਾਨਿ ਹਰ ਇਕ ਦਿਲ) ਵਿਚ ਮੌਜੁਦ ਹੈ। ਬਾਬਾ ਫ਼ਰੀਦ ਕਹਿੰਦੇ ਹਨ: “ਵਸੀ ਰਬ ਹਿਆਲੀਐ...”।(ਸਫ਼ਾ 1378)। .ਰੱਬ ਨੂੰ ਦਿਲ ਵਿਚ ਮਿਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ: “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥” (ਸਫ਼ਾ 304)।

ਗੁਰਦੁਆਰਾ ਇਮਾਰਤ/ਅਦਾਰਾ/ਜਮਾਤ ਦੀ ਤਵਾਰੀਖ਼

ਗੁਰਦੁਆਰਾ ਲਫ਼ਜ਼, ਸਿੱਖ ਧਾਰਮਿਕ ਅਸਥਾਨ ਵਾਸਤੇ, ਉੱਨ੍ਹੀਵੀਂ ਸਦੀ ਦੇ ਸ਼ੁਰੂ ਜਾਂ ਅਠਾਰ੍ਹਵੀਂ ਸਦੀ ਦੇ ਅਖ਼ੀਰ ਵਿਚ ਵਰਤਿਆ ਜਾਣਾ ਸ਼ੁਰੂ ਹੋਇਆ ਹੈ। ਹਾਲਾਂ ਕਿ ਗੁਰਦੁਆਰਾ ਲਫ਼ਜ਼ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਕਈ ਜਗਹ ਕੀਤੀ ਸੀ:
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥(ਸਫ਼ਾ 730)
ਗੁਰੂ ਦੁਆਰੈ ਆਖਿ ਸੁਣਾਏ ॥(ਸਫ਼ਾ 930)
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ॥ (ਸਫ਼ਾ 351)
ਗੁਰੂ ਦੁਆਰੈ ਨਾਉ ਪਾਈਐ, ਬਿਨੁ ਸਤਿਗੁਰ ਪਲੈ ਨ ਪਾਇ॥ (ਸਫ਼ਾ 1015)

ਗੁਰੂ ਅਮਰ ਦਾਸ ਸਾਹਿਬ ਨੇ ਵੀ ਗੁਰਦੁਆਰਾ ਲਫ਼ਜ਼ ਦੀ ਵਰਤੋਂ ਕੀਤੀ ਸੀ:
ਗੁਰਦੁਆਰੈ ਸੋਈ ਬੂਝੈ, ਜਿਸ ਨੋ ਆਪਿ ਬੁਝਾਏ॥(ਸਫ਼ਾ 1234)
ਗੁਰੂਦੁਆਰੈ ਲਾਇ ਭਾਵਨੀ, ਇਕਨਾ ਦਸਵਾ ਦੁਆਰੁ ਦਿਖਾਇਆ॥ (ਸਫ਼ਾ 922)

ਗੁਰੂ ਰਾਮ ਦਾਸ ਸਾਹਿਬ ਦੀ ਬਾਣੀ ਵਿਚ ਵੀ ਗੁਰਦੁਆਰਾ ਲਫ਼ਜ਼ ਮਿਲਦਾ ਹੈ
ਗੁਰਦੁਆਰੈ ਹੋਇ ਕੈ, ਸਾਹਿਬੁ ਸੰਮਾਲੇਹੁ ॥ (ਸਫ਼ਾ 554)

ਗੁਰੂ ਅਰਜਨ ਸਾਹਿਬ ਨੇ ਵੀ ਗੁਰਦੁਆਰਾ ਲਫ਼ਜ਼ ਵਰਤਿਆ ਸੀ
ਗੁਰਦੁਆਰੈ ਹਰਿ ਕੀਰਤਨੁ ਸੁਣੀਐ॥ (ਸਫ਼ਾ 1075)

ਪਰ ਇਨ੍ਹਾਂ ਸਾਰਿਆਂ ਸ਼ਬਦਾਂ ਵਿਚ ਇਹ ਲਫ਼ਜ਼ ‘ਗੁਰਦੁਆਰਾ’ ਦੀ ਇਮਾਰਤ ਵਾਸਤੇ ਨਹੀਂ ਵਰਤਿਆ ਗਿਆ ਸੀ। ਇਨ੍ਹਾਂ ਵਿਚ ਗੁਰੂ ਦੇ ਚਰਨਾਂ, ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ, ਗੁਰੂ ਦੀ ਮਤ ਵੱਲ ਇਸ਼ਾਰੇ ਹਨ। ਗੁਰੂ ਸਾਹਿਬ ਵੇਲੇ ਗੁਰਦੁਆਰੇ ਲਫ਼ਜ਼ ਦੀ ਵਰਤੋਂ ਸਿੱਖ ਧਰਮ ਦੇ ਅਸਥਾਨ ਵਾਸਤੇ ਨਹੀਂ ਹੁੰਦੀ ਸੀ। ਸਿੱਖ ਧਰਮ ਅਸਥਾਨ ਵਾਸਤੇ, ਗੁਰੂ ਸਾਹਿਬ ਦੇ ਵੇਲੇ, ਵਧੇਰੇ ਕਰ ਕੇ, ਲਫ਼ਜ਼ ਧਰਮਸਾਲ ਹੀ ਵਰਤਿਆ ਜਾਂਦਾ ਸੀ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 27ਵੀਂ ਪਉੜੀ ਵਿਚ ਲਿਖਦੇ ਹਨ:
ਘਰਿ ਘਰਿ ਅੰਦਰਿ ਧਰਮਸਾਲ, ਹੋਵੇ ਕੀਰਤਨੁ ਸਦਾ ਵਿਸੋਆ।

ਉਂਞ ‘ਧਰਮਸਾਲ’ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਵੀ (ਜਪੁ ਜੀ ਸਾਹਿਬ ਵਿਚ) ਇਸਤੇਮਾਲ ਕੀਤਾ ਸੀ ਉਨ੍ਹਾਂ ਨੇ ਇਸ ਸਾਰੀ ਧਰਤੀ ਨੂੰ ‘ਧਰਮਸਾਲ’ ਆਖਿਆ ਸੀ। ਭਾਈ ਗੁਰਦਾਸ ਜੀ ਦੀ ਵਾਰ ਪੰਜਵੇਂ - ਛੇਵੇਂ ਪਾਤਿਸ਼ਾਹ ਦੇ ਵੇਲੇ (1570-1638 ਦੇ ਵਿਚਕਾਰਲੇ ਸਮੇਂ) ਦੀ ਲਿਖੀ ਹੋਈ ਸੀ, ਤੇ ਉਸ ਵਿਚ ਧਰਮਸਾਲ ਲਫ਼ਜ਼ ਦੀ ਵਰਤੋਂ ਧਾਰਮਿਕ ਅਸਥਾਨ ਵਾਸਤੇ ਕੀਤੀ ਗਈ ਸੀ। ਯਾਨਿ ਉਦੋਂ ਧਰਮ ਅਸਥਾਨ ਨੂੰ ਧਰਮਸਾਲ ਕਿਹਾ ਜਾਂਦਾ ਹੋਵੇਗਾ।

ਗੁਰੂ ਅਮਰਦਾਸ ਸਾਹਿਬ ਵੇਲੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ 22 ਮੰਜੀਆਂ ਅਤੇ 52 ਪੀੜ੍ਹੇ ਥਾਪੇ ਗਏ ਸਨ। ਇਹ ਸਾਰੀਆਂ 74 ਜਗਹ ਧਰਮਸਾਲ ਸਨ। ਇਨ੍ਹਾਂ ਜਗਹ ’ਤੇ, ਸਿੱਖ, ਹਰ ਰੋਜ਼ ਇਕੱਠੇ ਹੋ ਕੇ ਕੀਰਤਨ ਕਰਿਆ ਕਰਦੇ ਸਨ। ਗੁਰੂ ਨਾਨਕ ਸਾਹਿਬ ਵੇਲੇ ਕਰਤਾਰਪੁਰ, ਗੁਰੂ ਅੰਗਦ ਸਾਹਿਬ ਵੇਲੇ ਖਡੂਰ ਸਾਹਿਬ, ਗੁਰੂ ਅਮਰ ਦਾਸ ਸਾਹਿਬ ਵੇਲੇ ਗੋਇੰਦਵਾਲ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਵੇਲੇ ‘ਗੁਰੂ ਦਾ ਚੱਕ’ (ਅੰਮ੍ਰਿਤਸਰ) ਸਿੱਖਾਂ ਦੇ ਧਰਮਸਾਲ ਵਜੋਂ ਕਾਇਮ ਹੋਏ ਸਨ। ਇਨ੍ਹਾਂ ਚਾਰਾਂ ਜਗਹ ’ਤੇ ਗੁਰੂ ਸਾਹਿਬ ਦੀਵਾਨ ਸਜਾਂਦੇ ਸਨ, ਲੰਗਰ ਚਲਦੇ ਸਨ, ਕੀਰਤਨ ਤੇ ਕਥਾ ਦਾ ਪ੍ਰਵਾਹ ਚਲਦਾ ਸੀ। ਦੇਖਿਆ ਜਾਏ ਤਾਂ ਪਹਿਲੇ ਤਿੰਨ ਗੁਰੂ ਸਾਹਿਬ ਨੇ ਕਰਤਾਰਪੁਰ, ਖਡੂਰ ਸਾਹਿਬ ਅਤੇ ਗੋਇੰਦਵਾਲ ਵਿਚ ਧਰਮਸਾਲਾ ਨਹੀਂ ਬਣਾਈਆਂ ਬਲਕਿ ਕਿਉਂਕਿ ਗੁਰੂ ਸਾਹਿਬ ਉੱਥੇ ਰਹਿੰਦੇ ਸਨ ਤੇ ਉਨ੍ਹਾਂ ਦਾ ਆਪਣਾ ਘਰ ਧਰਮਸਾਲਾ ਹੀ ਸੀ। ਗੁਰੂ ਰਾਮਦਾਸ ਸਾਹਿਬ ਨੇ ਸਿੱਖ-ਨਗਰ ‘ਗੁਰੂ ਦਾ ਚੱਕ’ ਵਸਾ ਕੇ ਉੱਥੇ ਸਭ ਤੋਂ ਪਹਿਲਾਂ ਸਰੋਵਰ (ਅੰਮ੍ਰਿਤਸਰ) ਬਣਾਇਆ। ਅਜੇ ਵੀ ਗੁਰੂ ਸਾਹਿਬ ਨੇ ਧਰਮਸਾਲ ਨਹੀਂ ਸੀ ਬਣਾਈ। ਗੁਰੂ ਸਾਹਿਬ ਦਾ ਘਰ (ਗੁਰੂ ਦੇ ਮਹਿਲ) ਹੀ ਧਰਮਸਾਲ ਸੀ। ਸਭ ਤੋਂ ਪਹਿਲਾਂ ਗੁਰੂ ਅਸਥਾਨ ਦਰਬਾਰ ਸਾਹਿਬ (ਦਰਬਾਰ ਸਾਹਿਬ) ਬਣਾਇਆ ਗਿਆ ਸੀ। ਇਸ ਦੀ ਉਸਾਰੀ ਗੁਰੂ ਅਰਜਨ ਸਾਹਿਬ ਨੇ ਕਰਵਾਈ ਸੀ। 16 ਅਗਸਤ 1604 ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਇੱਥੇ ਹੀ ਕੀਤਾ ਗਿਆ ਸੀ। ਸੋ, ਅਜੋਕੇ ਗੁਰਦੁਆਰੇ ਦੀ ਨੀਂਹ 16 ਅਗਸਤ 1604 ਦੇ ਦਿਨ ਤੋਂ ਦਰਬਾਰ ਸਾਹਿਬ, ‘‘ਗੁਰੂ ਦਾ ਚੱਕ’’ ਸ਼ਹਿਰ (ਹੁਸ ਅੰਮ੍ਰਿਤਸਰ) ਵਿਚ ਰੱਖੀ ਗਈ ਸੀ। ਗੁਰੂ ਅਰਜਨ ਸਾਹਿਬ ਨੇ ‘‘ਗੁਰੂ ਦਾ ਚੱਕ’’ ਵਿਚ ਰਾਮਸਰ ਸਰੋਵਰ ਤਿਆਰ ਕਰਵਾਇਆ। ਉਨ੍ਹਾਂ ਨੇ ‘‘ਗੁਰੂ ਦਾ ਚੱਕ’’ ਤੋਂ ਇਲਾਵਾ ਤਰਨਤਾਰਨ ਵਿਚ ਵੀ ਸਰੋਵਰ ਬਣਵਾਇਆ, ਛੇਹਰਟਾ ਵਿਚ ਛੇ ਹਰਟਾਂ ਵਾਲਾ ਖੂਹ ਲਵਾਇਆ, ਕਰਤਾਰਪੁਰ (ਜਲੰਧਰ) ਵਸਾਇਆ, ਰੁਹੀਲਾ ਦੀ ਥੇਹ ’ਤੇ ਗੋਬਿੰਦਪੁਰ (ਹੁਣ ਹਰਗੋਬਿੰਦਪੁਰ) ਵਸਾਇਆ।

ਸਿੱਖ ਕੌਮ ਦਾ ਧਾਰਮਿਕ ਪ੍ਰੋਗਰਾਮ ਰੂਹਾਨੀਅਤ ਦੇ ਨਾਲ-ਨਾਲ ਲੋਕ ਸੇਵਾ ਵੀ ਸੀ। ਗੁਰੂ ਅਮਰ ਦਾਸ ਸਾਹਿਬ ਨੇ ਪੀਣ ਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਗੋਇੰਦਵਾਲ ਵਿਚ ਬਾਉਲੀ ਬਣਵਾਈ। ਗੁਰੂ ਰਾਮ ਦਾਸ ਸਾਹਿਬ ਨੇ ਸੰਗਤਾਂ ਦੇ ਨਹਾਉਣ ਵਾਸਤੇ ਗੁਰੂ ਦਾ ਚੱਕ ਵਿਚ ਸਰੋਵਰ (ਸੰਤੋਖਸਰ) ਸ਼ੁਰੂ ਕਰਵਾਇਆ, ਅੰਮ੍ਰਿਤਸਰ ਸਰੋਵਰ ਬਣਵਾਇਆ, ਖੂਹ ਲੁਆਏ। ਗੁਰੂ ਅਰਜਨ ਸਾਹਿਬ ਨੇ ਗੁਰੂ ਦਾ ਚੱਕ ਵਿਚ ਇਕ ਹੋਰ ਸਰੋਵਰ, ਗੁਰੂ ਦੀ ਵਡਾਲੀ ਵਿਚ ਛੇਹਰਟਾ ਖੂਹ ਤੇ ਹੋਰ ਕਈ ਅਸਥਾਨ ਤਿਆਰ ਕਰਵਾਏ। ਆਪ ਨੇ ਲਾਹੌਰ ਵਿਚ ਬਾਉਲੀ ਬਣਵਾਈ;ਘੁੱਕੇਵਾਲੀ (ਅੰਮ੍ਰਿਤਸਰ) ਵਿਚ ਬਾਗ ਲਗਵਾਇਆ। ਛੇਵੇਂ ਪਾਤਿਸ਼ਾਹ ਨੇ ਵੀ ਕਈ ਖੂਹ ਲਗਵਾਏ; ਗੋਬਿੰਦਪੁਰ, ਕਰਤਾਰਪੁਰ ਤੇ ਕੀਰਤਪੁਰ ਨਗਰਾਂ ਨੂੰ ਵਧਾਇਆ। ਆਪ ਨੇ ਮਾਲਵੇ ਵਿਚ ਡਰੌਲੀ ਭਾਈ ਵਿਚ ਵੀ ਲੋਕ-ਭਲਾਈ ਵਾਸਤੇ ਬਾਉਲੀ ਬਣਵਾਈ। ਸਤਵੇਂ ਤੇ ਅਠਵੇਂ ਪਾਤਿਸ਼ਾਹ ਨੇ ਵੀ ਲੋਕ-ਭਲਾਈ ’ਚ ਬਹੁਤ ਹਿੱਸਾ ਪਾਇਆ। ਗੁਰੂ ਤੇਗ਼ ਬਹਾਦਰ ਸਾਹਿਬ ਨੇ ‘‘ਚੱਕ ਨਾਨਕੀ’’ ਵਸਾਇਆ; ਉਨ੍ਹਾਂ ਨੇ ਤਲਵੰਡੀ ਸਾਬੋ ’ਚ ਵੀ ਗੁਰੂਸਰ (ਸਰੋਵਰ) ਤਿਆਰ ਕਰਵਾਇਆ, ਧਮਤਾਨ (ਜ਼ਿਲ੍ਹਾ ਜੀਂਦ) ਵਿਚ ਖੂਹ ਲਵਾਇਆ, ਬਣੀ ਬਦਰਪੁਰ ’ਚ ਖੂਹ ਲਵਾਇਆ। ਉਨ੍ਹਾਂ ਨੇ ਅਸਾਮ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਥੜ੍ਹਾ ਬਣਵਾਇਆ। ਘੁੱਕੇਵਾਲੀ ਦੇ ਬਾਗ ਨੂੰ ‘‘ਗੁਰੂ ਦਾ ਬਾਗ’’ ਦੀ ਸ਼ਕਲ ਦਿੱਤੀ। ਦਸਵੇਂ ਪਾਤਿਸ਼ਾਹ ਨੇ ਅਨੰਦਪੁਰ, ਪਾਉਂਟਾ ਸਾਹਿਬ, ਗਰੂ ਦਾ ਲਾਹੌਰ ਵਸਾਏ। ਉਨ੍ਹਾਂ ਅਨੰਦਪੁਰ ਸਾਹਿਬ ’ਚ ਬਾਉਲੀ ਬਣਵਾਈ, ਢਕੌਲੀ ’ਚ ਬਾਉਲੀ ਬਣਵਾਈ, ਕਿੰਨੇ ਹੀ ਖੂਹ ਲਵਾਏ, ਛੇ ਕਿਲ੍ਹੇ ਬਣਵਾਏ। ਗੁਰੂ ਸਾਹਿਬ ਲੋਕ-ਭਲਾਈ ਵਾਸਤੇ ਕਈ ਹੋਰ ਜਗਹ ਵੀ ਖੂਹ, ਬਾਉਲੀਆਂ, ਸਰੋਵਰ, ਨਗਰ ਵਗੈਰਾ ਬਣਾਉਂਦੇ ਰਹੇ। ਜਿੰਨੇ ਵੀ ਨਗਰ ਗੁਰੂ ਸਾਹਿਬ ਨੇ ਵਸਾਏ, ਸਾਰੇ ਹੀ ਗੁਰੂ ਸਾਹਿਬ ਦੀਆਂ ਧਰਮਸਾਲਾਂ ਹੀ ਤਾਂ ਸਨ। ਹਰ ਜਗਹ ਗੁਰਬਾਣੀ ਦਾ ਕੀਰਤਨ, ਕਥਾ, ਦੀਵਾਨ ਤੇ ਲੰਗਰ ਚਲਦੇ ਸਨ।

ਦਸਮ ਪਾਤਿਸ਼ਾਹ ਵੇਲੇ ਤਕ ਲਫ਼ਜ਼ ਧਰਮਸਾਲ ਆਮ ਵਰਤਿਆ ਮਿਲਦਾ ਹੈ। ਤਾਰੀਖ਼ ਵਿਚ ਕਈ ਜਗਹ ਜ਼ਿਕਰ ਮਿਲਦਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਿੱਲੀ ਵਿਚ ਜਾ ਕੇ ਇਕ ਛੀਂਬੇ ਸਿੱਖ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਹੀ ਠਹਿਰਿਆ ਕਰਦੇ ਸਨ। ਪੰਜਵੇਂ ਪਾਤਿਸ਼ਾਹ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਜੋ ਮੁਕੱਦਸ ਥਾਂ ਕਾਇਮ ਕੀਤਾ ਉਸ ਦਾ ਨਾਂ ਦਰਬਾਰ ਸਾਹਿਬ ਰੱਖਿਆ। ਛੇਵੇਂ ਪਾਤਿਸ਼ਾਹ ਨੇ ਆਪਣੇ ਤਖ਼ਤ ਨੂੰ ਅਕਾਲ ਤਖ਼ਤ ਦਾ ਨਾਂ ਦਿੱਤਾ। ਦਸਵੇਂ ਪਾਤਸ਼ਾਹ ਵੇਲੇ ਅਨੰਦਪੁਰ ਸਾਹਿਬ ਵਿਚ ਸੀਸ ਗੰਜ, ਦਮਦਮਾ ਸਾਹਿਬ ਯਾਦਗਾਰਾਂ ਬਣ ਚੁੱਕੀਆਂ ਸਨ। ਗੁਰੂ ਸਾਹਿਬ ਦੇ ਵੇਲੇ ਲਫ਼ਜ਼ ‘‘ਗੁਰਦੁਆਰਾ’’ ਜਾਂ ਕੋਈ ਹੋਰ ਨਾਂ ਨਹੀਂ ਸੀ ਤੇ ਸਿਰਫ ‘ਸੀਸ ਗੰਜ’ ਤੇ ‘ਦਮਦਮਾ ਸਾਹਿਬ’ ਹੀ ਨਾਂ ਸਨ। ਛੇਵੇਂ ਪਾਤਿਸ਼ਾਹ ਨੇ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਾਲੀ ਜਗਹ ’ਤੇ ਜੋ ਇਮਾਰਤ ਬਣਾਈ ਉਸ ਦਾ ਨਾਂ ਸਿਰਫ਼ ਡੇਹਰਾ (ਦੇਹੁਰਾ) ਸਾਹਿਬ ਹੀ ਰੱਖਿਆ ਸੀ।

ਗੁਰੂ ਸਾਹਿਬ ਤੋਂ ਮਗਰੋਂ ਵੀ ਯਾਦਗਾਰੀ ਜਗਹ ’ਤੇ ਥੜ੍ਹਾ ਬਣਾ ਦਿੱਤਾ ਜਾਂਦਾ ਸੀ। ‘‘ਥੜ੍ਹਾ ਸਾਹਿਬ’’ ਤੋਂ ਇਲਾਵਾ ਇਕ ਹੋਰ ਨਾਂ ‘‘ਮੰਜੀ ਸਾਹਿਬ’’ ਵੀ ਅਕਸਰ ਵਰਤਿਆ ਜਾਂਦਾ ਰਿਹਾ ਹੈ। ਅਠਾਰ੍ਹਵੀਂ ਸਦੀ ਤਕ ‘‘ਗੁਰਦੁਆਰਾ’’ ਲਫ਼ਜ਼ ਕਿਤੇ ਨਹੀਂ ਮਿਲਦਾ। ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ 1783-84 ਵਿਚ ਦਿੱਲੀ ਵਿਚ ਗੁਰੂ ਸਾਹਿਬ ਦੀਆਂ ਯਾਦਗਾਰਾਂ ਬਣਾਈਆਂ। ਉਨ੍ਹਾਂ ਨੇ ਵੀ ਇਨ੍ਹਾਂ ਦੇ ਨਾਂ ਸੀਸ ਗੰਜ, ਰਕਾਬ ਗੰਜ, ਬੰਗਲਾ ਸਾਹਿਬ, ਬਾਲਾ ਸਾਹਿਬ ਰੱਖੇ। ਇਨ੍ਹਾਂ ਦੇ ਨਾਲ ਗੁਰਦੁਆਰਾ ਨਾਂ 1850 ਤੋਂ ਬਾਅਦ ਨਿਰਮਲੇ ਪੁਜਾਰੀਆਂ ਵੱਲੋਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਦਾਸੀਆਂ ਦੇ ਅਹਿਦ ਵਿਚ ‘ਡੇਰਾ’ ਤੇ ਨਿਰਮਲਿਆਂ ਦੇ ਇੰਤਜ਼ਾਮ ਹੇਠ ‘ਅਖਾੜਾ’ ਵੀ ਕਿਹਾ ਜਾਂਦਾ ਰਿਹਾ ਸੀ। 1920 ਤੋਂ ਮਗਰੋਂ ਉਦਾਸੀਆਂ ਤੇ ਨਿਰਮਲਿਆਂ ਨੇ ਆਪਣੇ ਡੇਰੇ ਤੇ ਅਖਾੜੇ ਗੁਰਦੁਆਰਿਆਂ ਤੋਂ ਵਖਰਿਆ ਲਏ।ਖ਼ੈਰ, ਹੁਣ ਹਰ ਸਿੱਖ ਧਾਰਮਿਕ ਥਾਂ ਨੂੰ ਗੁਰਦੁਆਰਾ ਹੀ ਆਖਿਆ ਜਾਂਦਾ ਹੈ।

ਕੁਝ ਗੁਰਦੁਆਰਿਆਂ ਨੂੰ ਅੱਜ ਕਲ੍ਹ ਤਖ਼ਤ ਦਾ ਨਾਂ ਵੀ ਦਿੱਤਾ ਜੋਇਆ ਹੈ। ਇਹ ਉਹ ਜਗਹ ਹਨ ਜਿੱਥੇ ਗੁਰੂ ਸਾਹਿਬਾਨ ਆਪਣਾ ਦਰਬਾਰ ਲਾਇਆ ਕਰਦੇ ਸਨ (ਜਿੱਥੇ ਗੁਰੂ ਹਾਜ਼ਰ ਹੈ, ਉਹ ਜਗਹ ਹੀ ਤਖ਼ਤ ਹੈ, ਕੋਈ ਇਮਾਰਤ ਤਖ਼ਤ ਨਹੀਂ ਹੁੰਦੀ; ਅਕਾਲ ਤਖ਼ਤ ਵੀ ਗੁਰੂ ਸਾਹਿਬ ਵੇਲੇ ਤਖ਼ਤ ਸੀ; ਹੁਣ ਇਹ ਇਕ ਉਹ ਗੁਰਦੁਆਰਾ ਹੈ, ਜਿੱਥੇ ਗੁਰੂ ਜੀ ਦਰਬਾਰ ਲਾਇਆ ਕਰਦੇ ਸਨ ਅਤੇ ਤਖ਼ਤ ‘ਤੇ ਬੈਠਿਆ ਕਰਦੇ ਸੀ। ਇਹ ਕੋਈ ਗੱਦੀ ਜਾਂ ਅਹੁਦਾ ਜਾਂ ਦੁਨਿਆਵੀ ਤਖ਼ਤ ਨਹੀਂ ਹੈ)। .ਜਦ ਗੁਰੀ ਜੀ ਉਥੇ ਹੁੰਦੇ ਸਨ ਤਾਂ ਉਦੋਂ ਇਨ੍ਹਾਂ ਜਗਹ ਨੂੰ ਤਖ਼ਤ ਵੀ ਕਿਹਾ ਜਾਂਦਾ ਸੀ। ਹੁਣ ਉਨ੍ਹਾਂ ਗੁਰਦੁਆਰਿਆਂ ਦਾ ਨਾਂ ਤਖ਼ਤ ਰੱਖ  ਦਿੱਤਾ ਗਿਆ ਹੈ। ਸਿੱਖ ਵਾਸਤੇ ਇਹ ਤਖ਼ਤ ਸਾਹਿਬ ਤੇ ਬਾਕੀ ਦੇ ਗੁਰਦੁਆਰਾ ਇਕੋ ਜਿੰਨੀ ਅਹਮੀਅਤ ਰੱਖਦੇ ਹਨ। ਕੋਈ ਵਧੇਰੇ ਪਾਕਿ (ਪਵਿੱਤਰ) ਤੇ ਕੋਈ ਘੱਟ ਪਾਕਿ, ਕੋਈ ਛੋਟਾ ਕੋਈ ਵੱਡਾ, ਕੋਈ ਪਹਿਲੋਂ ਕੋਈ ਪਿੱਛੋਂ ਨਹੀਂ

ਗੁਰਦੁਆਰਾ ਲਫ਼ਜ਼ ਦਾ ਫ਼ਲਸਫ਼ਾ ਪੱਖ

ਸਿੱਖਾਂ ਫ਼ਲਸਫ਼ੇ ਵਿਚ ਗੁਰਦੁਆਰੇ ਖ਼ਾਸ ਅਹਿਮੀਅਤ ਰੱਖਦੇ ਹਨ। ਸਿੱਖ ਗੁਰਦੁਆਰੇ ’ਚੋਂ ਰੂਹਾਨੀਅਤ ਹਾਸਿਲ ਕਰਦੇ ਹਨ। ਗੁਰਦੁਆਰਾ ਸਿੱਖ ਵਾਸਤੇ (ਹਿੰਦੂ ਮੰਦਰਾਂ ਵਾਂਙ) ਪੂਜਾ ਦੀ ਜਗਹ ਨਹੀਂ। ਗੁਰਦੁਆਰੇ ਵਿਚ ਜਾ ਕੇ ਸੰਗਤ ਵਿਚ ਬੈਠਣਾ, ਪਾਠ ਸੁਣਨਾ, ਕੀਰਤਨ ਤੇ ਕਥਾ ਸੁਣਨੀ ਸਿੱਖ ਦੀ ਘੱਟੋ-ਘੱਟ ਜ਼ਰੂਰਤ ਹੈ। ਇਸ ਬਿਨਾਂ ਸਿੱਖ ਅਧੂਰਾ ਹੈ, ਬੌਣਾ ਹੈ। ਸੰਗਤ ਵਿਚ ਨਾ ਆਉਣ ਵਾਲਾ ਸਿੱਖ, ਸਿੱਖੀ ਦੀ ਇਕ ਵੱਡੀ ਖੂਬੀ ਤੋਂ ਵਾਂਝਿਆ ਰਹਿੰਦਾ ਹੈ।

ਗੁਰੂ ਸਾਹਿਬ ਨੇ ਧਰਮਸਾਲ ਨੂੰ ਸਿੱਖ ਭਾਈਚਾਰੇ ਦਾ ਕੌਮੀ ਸੈਂਟਰ ਬਣਾਇਆ ਸੀ, ਜਿੱਥੇ ਆ ਕੇ ਸਿੱਖ ਭਾਈਚਾਰੇ ਦੀ ਮਦਦ ਕਰਦਾ ਅਤੇ ਮਦਦ ਲੈ ਸਕਦਾ ਸੀ।  ਗੁਰੂ ਸਾਹਿਬ ਵੇਲੇ ਹਰ ਧਰਮਸਾਲ ਦੇ ਨਾਲ ਇਕ ਸਰਾਂ ਅਤੇ ਲੰਗਰ ਹੁੰਦਾ ਸੀ। ਮੁਸਾਫ਼ਿਰ ਤੇ ਲੋੜਵੰਦ ਵਾਸਤੇ ਉਥੇ ਆਸਰਾ ਮਿਲਦਾ ਸੀੈ।ਇਹ ਸਾਰਾ ਕੁਝ ਸਿੱਖ ਭਾਈਚਾਰੇ ਨੂੰ ਰੂਹਾਨੀ ਤੇ ਸਮਾਜਿਕ ਪੱਖੋਂ ਇਕ ਘਰ ਦੇ ਮੈਂਬਰ ਹੋਣ ਦਾ ਅਹਿਸਾਸ ਦੇਣ ਵਾਸਤੇ ਸੀ।

ਗੁਰਦੁਆਰਾ, ਸੰਗਤ, ਪੰਗਤ, ਲੰਗਰ ਸਿੱਖ ਦੀ ਭਾਈਚਾਰਕ ਜ਼ਿੰਦਗੀ ਦਾ ਧੁਰਾ ਹੈ। ਸਿੱਖ ਇੱਥੋਂ ਨਿਮਰਤਾ ਸਿੱਖਦਾ ਹੈ, ਹਉਮੈ ਦਾ ਖ਼ਾਤਮਾ ਕਰਦਾ ਹੈ, ਰੂਹਾਨੀਅਤ, ਸੇਵਾ, ਭਾਈਚਾਰਕ ਪਿਆਰ ਅਤੇ ਕੌਮੀਅਤ ਦੀਆਂ ਖੂਬੀਆਂ ਸਿੱਖਦਾ ਹੈ। ਗੁਰਦੁਆਰਾ ਸਿੱਖ ਦਾ ਰੂਹਾਨੀ, ਇਲਮੀ, ਭਾਈਚਾਰਕ, ਸਿਆਸੀ ਤੇ ਕੌਮੀ ਸਕੂਲ ਹੈ। ਜਿਵੇਂ ਸਕੂਲ ਜਾਏ ਬਿਨਾਂ ਕੋਈ ਵੀ ਪਾਸ ਨਹੀਂ ਹੋ ਸਕਦਾ ਇੰਞ ਹੀ ਗੁਰਦੁਆਰੇ ਜਾਏ ਬਿਨਾਂ ਸਿੱਖ ਅਧੂਰਾ ਹੈ।

ਸਿੱਖ ਨੂੰ ਸੰਗਤ ਵਿਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ। ਸੱਚੀ ਸੰਗਤ ਤਾਂ ਸਿੱਖ ਵਾਸਤੇ ‘‘ਸੱਚਖੰਡ’’ ਹੈ; ਸੱਚੀ ਸੰਗਤ ਵਿਚ ਵਾਹਿਗੁਰੂ ਆਪ ਵਸਦਾ ਹੈ।ਜਿਸ ਨੇ ਗੁਰੂ ਦੇ ਦਰਸ਼ਨ ਕਰਨੇ ਹਨ, ਉਸ ਨੂੰ ਸੰਗਤ ਵਿਚ (ਪਰ ਸੱਚੀ* ਸੰਗਤ ਵਿਚ) ਜਾਣਾ ਹੀ ਪਵੇਗਾ। ਜਿਸ ਨੇ ਜਨਮ ਮਰਨ ਦੇ ਡਰ ਤੋਂ ਮੁਕਤੀ ਪਾਉਣੀ ਹੈ ਅਤੇ ਵਾਹਿਗੁਰੂ ਦੀ ਦਰਗਾਹ ਵਿਚ ਕਬੂਲ ਹੋਣਾ ਹੈ, ਉਸ ਨੂੰ ਗੁਰਦੁਆਰੇ ਬਾਕਾਇਦਾ ਜਾਣਾ ਪਏਗਾ ਤੇ ਜਾਣਾ ਵੀ ਸ਼ਰਧਾ ਨਾਲ ਪਏਗਾ। ਗੁਰਦੁਆਰੇ ਵਿਚ ਜਾ ਕੇ ਖ਼ੁਦੀ ਨੂੰ ਭੁਲਾਉਣਾ ਹੋਵੇਗਾ।

ਸੱਚੀ ਸੰਗਤ* ਕੀ ਹੈ?  ਸੱਚੀ ਸੰਗਤ ਗੁਰਦੁਆਰੇ ਵਿਚ ਹੋਇਆ ਆਮ ਇਕੱਠ ਨਹੀਂ, ਬਲਕਿ ਉਹ ਮਾਹੌਲ ਹੈ ਜਿਸ ਵਿਚ ਗੁਰੂ ਦੀ, ਖਸਮ ਦੀ, ਰੱਬ ਦੀ ਸਿਫ਼ਤ ਹੁੰਦੀ ਹੈ: ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ (ਸਫ਼ਾ 72)

ਜੋ ਜਨ ਪਰਮਿਤਿ ਪਰਮਨੁ ਜਾਨਾ॥ ਬਾਤਨ ਹੀ ਬੈਕੁੰਠ ਸਮਾਨਾ॥ ਨਾ ਜਾਨਾ, ਬੈਕੁੰਠੁ ਕਹਾ ਹੀ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ॥ ਕਹਨ ਕਹਾਵਨ ਨਹ ਪਤੀਅਈ ਹੈ॥ ਤਉ ਮਨੁ ਮਾਨੈ, ਜਾ ਤੇ ਹਉਮੈ ਜਈ ਹੈ॥ ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥ ਕਹੁ ਕਬੀਰ ਇਹ ਕਹੀਐ ਕਾਹਿ॥ ਸਾਧ ਸੰਗਤਿ ਬੈਕੁੰਠੈ ਆਹਿ॥ (ਸਫ਼ਾ 325)

ਬੈਕੁੰਠ ਨਗਰੁ ਜਹਾ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥(ਸਫ਼ਾ 742)
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ (ਸਫ਼ਾ 749)
ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥ (ਸਫ਼ਾ 890)

ਸਿੱਖ ਆਪ ਗੁਰਦੁਆਰਾ ਨਹੀਂ ਹੋ ਸਕਦਾ

ਗੁਰਦੁਆਰਾ ਸਿੱਖ ਪੰਥ ਦਾ ਧੁਰਾ ਹੈ। ਗੁਰਦੁਆਰਾ ਉਹ ਜਗਹ ਹੈ ਜਿਥੇ ਧਰਮ ਮੁਤਾਬਿਕ ਜੀਣਾ ਸਿਖਾਇਆ ਜਾਂਦਾ ਹੈ। ਸਿੱਖ ਵਾਸਤੇ ਲਾਜ਼ਮੀ ਹੈ ਕਿ ਜਿੰਨਾ ਵੀ ਮੁਮਕਿਨ ਹੋ ਸਕੇ ਉਹ ਗੁਰਦੁਆਰੇ ਵਿਚ ਹੋਰ ਸੰਗਤਾਂ ਨਾਲ ਬੈਠ ਕੇ ਕੀਰਤਨ ਸੁਣੇ ਅਤੇ ਸੇਵਾ ਕਰੇ। ਗੁਰਦੁਆਰਾ ਸਿਰਫ਼ ਧਾਰਮਿਕ ਸੈਂਟਰ ਹੀ ਨਹੀਂ; ਇਹ ਰੂਹਾਨੀ, ਭਾਈਚਾਰਕ ਤੇ ਤਾਲੀਮੀ (ਗਿਆਨ ਤੇ ਵਿਦਿਆ ਦਾ) ਮਰਕਜ਼ ਵੀ ਹੈ।

ਸਿੱਖ ਗੁਰਦੁਆਰੇ ਜਾਂਦਾ ਹੈ, ਪਰ, ਉਹ ਆਪ ਗੁਰਦੁਆਰਾ ਨਹੀਂ ਹੋ ਸਕਦਾ। ਕਿਉਂ ਕਿ ਜੇ ਉਸ ਵਿਚ ਖ਼ੁਦ ਦੇ ਗੁਰਦੁਆਰਾ ਹੋਣ ਦਾ ਅਹਿਸਾਸ ਆ ਗਿਆ ਤਾਂ ਉਹ ਲੋਕਾਂ ਤੋਂ ਮੱਥਾ ਟਿਕਾਉਣ ਲਗ ਪਵੇਗਾ ਜਾਂ ਲੋਕ ਆਪ ਉਸ ਨੂੰ ਮੱਥਾ ਟੇਕਣ ਲਗ ਪੈਣਗੇ। ਫਿਰ ਸਿੱਖ ਗੁਰੁ ਵੱਲ ਨਹੀਂ ਜਾਣਗੇ; ਸਾਧ ਇਹੀ ਕੁਝ ਕਰਵਾ ਰਹੇ ਹਨ; ਉਹ ਖ਼ੁਦ ਨੂੰ ਗੁਰੂ ਤੇ ਗੁਰੂ ਦਾ ਦੁਆਰਾ, ਗੁਰੁ ਦਾ ਘਰ ਗਰਦਾਨ ਰਹੇ ਹਨ। ਗੁਰਦੁਆਰੇ ਵਿਚ ਸੱਚੀ ਸੰਗਤ ਦਾ ਵਾਸਾ ਹੈ, ਬੰਦੇ ਦੇ ਅੰਦਰ ਸੰਗਤ ਦਾ ਵਾਸਾ ਨਹੀਂ ਹੁੰਦਾ, ਬਲਕਿ ਬੰਦਾ ਸੱਚੀ ਸੰਗਤ ਵਿਚ ਜਾਂਦਾ ਹੈ।।‘ਗੁਰਦੁਆਰੈ ਹਰਿ ਕੀਰਤਨੁ ਸੁਣੀਐ’ (ਸਫ਼ਾ 1075); ਕੀਰਤਨ ਗੁਰੁ ਦੇ ਦੁਆਰੇ ਵਿਚ ਹੈ; ਬੰਦੇ ਵਿਚ ਨਹੀਂ ਹੈ।

ਹਾਂ, ਸਿੱਖ ਨੇ ਗੁਰਦੁਆਰੇ ਦੀ ਖ਼ੁਸ਼ਬੂ ਨੂੰ ਆਪਣੇ ਦਿਲ, ਆਪਣੀ ਰੂਹ ਵਿਚ ਵਸਾਉਣਾ ਹੈ। ‘ਘਰ ਘਰ ਅੰਦਰ ਧਰਮਸਾਲ’ ਦਾ ਮਾਅਨਾ ਜਿੱਥੇ ਹਰ ਸਿੱਖ ਦੇ ਘਰ (ਮਕਾਨ) ਵਿਚ ਧਰਮਸਾਲ ਦਾ ਮਾਹੌਲ ਬਣਾਉਣਾ ਹੈ ਅਤੇ ਉਸੇ ਤਰ੍ਹਾਂ ਆਪਣੇ ਘਰ (ਦਿਲ) ਵਿਚ ਵੀ ਗੁਰਦੁਆਰੇ ਦਾ ਮਾਹੌਲ ਬਣਾਉਣਾ ਹੈ। ਪਰ ਬੰਦੇ ਦਾ ਦਿਲ ਗੁਰਦੁਆਰਾ ਨਹੀਂ ਬਣ ਜਾਣਾ; ਗੁਰਮਤਿ ਦਾ ਮਾਹੌਲ ਗੁਰਮਤਿ ਦੀ ਖ਼ੁਸ਼ਬੂ ਗੁਰਦੁਆਰਾ ਹੈ।

ਗੁਰਦੁਆਰੇ ਜਾਂ ਗੁਰੁ ਗ੍ਰੰਥ ਸਾਹਿਬ ਦੀ ਪਰਿਕਰਮਾ/ ਪ੍ਰਦਖਣਾ

ਪਰਿਕਰਮਾ ‘ਪਰਿ’ ਅਤੇ ‘ਕਰਮ’ ਦੇ ਮੇਲ ਤੋਂ ਬਣਿਆ ਹੈ। ‘ਪਰਿ’ ਦਾ ਮਾਅਨਾ ਹੈ: ਚਾਰੇ ਪਾਸੇ, ਇਰਦ ਗਿਰਦ, ਇਧਰ ਉਧਰ; ਅਤੇ ‘ਕਰਮ’ ਦਾ ਮਾਅਨਾ ਹੈ ਕੰਮ, ਕਾਰਜ, ਕਾਰਵਾਈ। ਪ੍ਰਕਰਮਾ/ ਪਰਕਰਮਾ/ ਪਰਿਕਰਮਾ ਦਾ ਮਾਅਨਾ ਹੈ: ਚਾਰੇ ਪਾਸੇ ਜਾਣ ਲਾਉਣ ਦਾ ਕੰਮ; ਯਾਨਿ ਕਿਸੇ ਚੀਜ਼ ਦੇ ਦੁਆਲੇ (ਇਕ ਜਾਂ ਵਧ) ਚੱਕਰ ਲਾਉਣਾ, ਚੁਤਰਫ਼ੇ ਫੇਰੀ ਦੇਣਾ, ਘੁੰਮਣਾ, ਗੇੜਾ ਦੇਣਾ। ਪ੍ਰਦਖਣਾ: ਪ੍ਰਦਖਣਾ ਦਾ ਮਾਅਨਾ ਹੈ: ਖੱਬੇ ਤੋਂ ਸੱਜੇ ਪਾਸੇ ਘੁੰਮਣਾ (ਘੁੰਮਦੇ ਸਮੇਂ ਦੇਵੀ/ ਦੇਵਤੇ ਦੀ ਮੂਰਤੀ ਜਾਂ ਅੱਗ ਦੀ ਵੇਦੀ ਹਮੇਸ਼ਾ ਸੱਜੇ ਪਾਸੇ ਹੋਵੇ)। .ਹਿੰਦੂ ਮੱਤ ਵਿਚ ਦੇਵੀ ਦੁਆਲੇ ਇਕ, ਸ਼ਿਵ ਦੁਆਲੇ ਡੇਢ, ਗਣੇਸ਼ ਦੁਆਲੇ 3, ਵਿਸ਼ਨੂੰ ਦੁਆਲੇ 4, ਸੂਰਜ ਦੁਆਲੇ 6, ਅੱਗ ਦੁਆਲੇ 7 ਚੱਕਰ ਲਾਏ ਜਾਂਦੇ ਹਨ।

ਸਿੱਖ ਫ਼ਲਸਫ਼ੇ ਵਿਚ ਕਰਮਕਾਂਡ ਦੀ ਕੋਈ ਥਾਂ ਨਹੀਂ ਹੈ। ਅਕਾਲੀ ਫੂਲਾ ਸਿੰਘ ਦੀ ਸ਼ਹੀਦੀ (1823) ਮਗਰੋਂ, ਜਦ ਨਿਰਮਲਿਆਂ (ਸੰਤ ਸਿੰਘ ਗਿਆਨੀ, ਗੁਰਮੁਖ ਸਿੰਘ, ਦਰਬਾਰਾ ਸਿੰਘ) ਨੇ ਦਰਬਾਰ ਸਾਹਿਬ ਦਾ ਇੰਤਜ਼ਾਮ ਸੰਭਾਲਿਆ ਤਾਂ ਉਨ੍ਹਾਂ ਨੇ ਹਿੰਦੂਆਂ ਦੀ ‘ਪਰਿਕਰਮਾ’ ਵੀ ਦਰਬਾਰ ਸਾਹਿਬ ਦੀ ‘ਮਰਿਆਦਾ’ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਖੱਬੇ ਪਾਸੇ ਤੋਂ ਜਾ ਕੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਜਾਣ ਦਾ ਕਰਮ ਕਾਂਡ ਸ਼ੁਰੂ ਕੀਤਾ। (ਇਸ ਨੂੰ ਕੁਝ ਬੇਸਮਝ ਸਿੱਖ ਅੱਜ ਵੀ ਕਰੀ ਜਾਂਦੇ ਹਨ)। .ਇਹ ਸਿੱਖ ਫ਼ਲਸਫ਼ੇ ਦੇ ਉਲਟ ਹੈ। ਸਿੱਖੀ ਵਿਚ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰੇ ਦੀ ਇਮਾਰਤ ਹਿੰਦੂ ਦੇਵੀ/ਦੇਵਤਾ ਵਾਂਙ ਨਹੀਂ ਹੈ; ਇਸ ਕਰ ਕੇ ਇਸ ਦੁਆਲੇ ਪਰਿਕਰਮਾ/ਪ੍ਰਦਖਣਾ ਦਾ ਕਰਮ ਕਾਂਡ ਕਰਨਾ ਗ਼ਲਤ ਹੈ। ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਕਿਸੇ ਵੀ ਪਾਸਓਂ ਜਾਇਆ ਜਾ ਸਕਦਾ ਹੈ।

ਇਸੇ ਤਰ੍ਹਾਂ ਅੱਜ-ਕਲ੍ਹ ਕੁਝ ਲੋਕ ਗੁਰਦੁਆਰੇ ਵਿਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਹਨ ਜੋ ਕਿ ਗ਼ਲਤ ਹੈ। ਇਹ ਵੀ ਹਿੰਦੂ ਕਰਮ ਕਾਂਡ ‘ਪ੍ਰਦਖਣਾ’ ਦੀ ਨਕਲ ਹੈ। ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਜਿੱਥੇ ਵੀ ਜਗਹ ਮਿਲ ਜਾਵੇ ਬੈਠ ਜਾਣਾ ਚਾਹੀਦਾ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚੱਕਰ ਲਾਉਣ ਮਗਰੋਂ।

ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ: ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਇਕ 'ਭਾਵਾਤਮਕ' ਕਾਰਵਾਈ ਨਹੀਂ (ਭਾਵਾਤਮਕ ਕਾਰਵਾਈ ਹੀ ਕਰਮ ਕਾਂਡ ਹੁੰਦਾ ਹੈ); ਇਹ ਗੁਰੂ ਗ੍ਰੰਥ ਸਾਹਿਬ ਦਾ ਵਾਕ/ਬਚਨ/ਸਿਖਿਆ ਮੰਨਣ ਵਾਸਤੇ ਸਿਰ ਝੁਕਾਉਣਾ ਹੈ, ਜਦ ਕਿ ਪਰਕਰਮਾ ਸਿਰਫ਼ ਗੇੜੇ ਦੇਣ ਦਾ ਬ੍ਰਾਹਮਣੀ ਕਰਮ ਕਾਂਡ ਹੈ।

ਗੁਰਦੁਆਰੇ ਦੇ ਸੇਵਾਦਾਰ ਕੌਣ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ?

ਅਜਿਹਾ ਅਸਥਾਨ, ਜਿਹੜਾ ਗੁਰੂ ਦਾ ਦੁਆਰਾ ਹੋਵੇ, ਜਿਥੋਂ ਵਾਹਿਗੁਰੂ ਨਾਲ ਮੇਲ ਦਾ ਰਸਤਾ ਲੱਭਣਾ ਹੋਵੇ, ਉਸ ਦਾ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਕਿ ਉੱਥੇ ਰੂਹਾਨੀਅਤ ਦੀ ਖੁਸ਼ਬੂ ਤਾਰੀ ਹੋਵੇ। ਉੱਥੇ ਰੂਹਾਨੀਅਤ ਦੀਆਂ ਨਿਸ਼ਾਨੀਆਂ ਤਾਂ ਹੀ ਨਜ਼ਰ ਆਉਣਗੀਆਂ ਜੇ ਉਸ ਦੀ ਸੇਵਾ-ਸੰਭਾਲ ਕਰਨ ਵਾਲੇ ਸੇਵਾਦਾਰਾਂ ਵਿਚ ਰੂਹਾਨੀਅਤ ਦਾ ਵਾਸਾ ਹੋਵੇ। ਗੁਰੂ-ਘਰ ਦੀ ਸੇਵਾ-ਸੰਭਾਲ ਕਿਹੋ ਜਿਹੇ ਸ਼ਖ਼ਸ ਕਰਨਗੇ, ਇਸ ਬਾਰੇ ਗੁਰੂ ਸਾਹਿਬ ਨੇ ਆਪ ਦਸਿਆ ਸੀ। ਇਸ ਦੀ ਜ਼ਾਹਰਾ ਮਿਸਾਲ ਗੁਰੂ ਸਾਹਿਬ ਦੀ ਤਵਾਰੀਖ਼ ਵਿਚੋਂ ਮਿਲਦੀ ਹੈ।

ਸਿੱਖ ਗੁਰਧਾਮਾਂ ਦੀ ਸੇਵਾ-ਸੰਭਾਲ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਝੋਲੀ ਵਿਚ ਪਈ ਸੀ। 16 ਅਗਸਤ 1604 ਦੇ ਦਿਨ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਤੇ ਨਾਲ ਹੀ ਇਸ ਥਾਂ ਦੀ ਸੇਵਾ-ਸੰਭਾਲ ਵੀ ਬਖ਼ਸ਼ੀ ਗਈ। ਜਦੋਂ 31 ਦਸੰਬਰ 1612 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਦਿੱਲੀ ਵੱਲ ਜਾਣ ਲਗੇ ਸਨ ਤਾਂ ਆਪ ਦਰਬਾਰ ਸਾਹਿਬ ਵਿਚ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਸੇਵਾ-ਸੰਭਾਲ ਬਾਬਾ ਬੁੱਢਾ ਜੀ ਅਤੇ ਅਕਾਲ ਤਖ਼ਤ ਸਾਹਿਬ ਦੇ ਥੜ੍ਹੇ ਦੀ ਸੇਵਾ-ਸੰਭਾਲ ਭਾਈ ਗੁਰਦਾਸ ਜੀ ਨੂੰ ਸੌਂਪ ਗਏ ਸਨ (ਸੇਵਾ ਸੌਂਪੀ ਸੀ ਕੋਈ ਅਖੌਤੀ ਜਥੇਦਾਰ ਨਹੀਂ ਸਨ ਬਣਾ ਗਏ)। ਇੰਞ ਹੀ ਲਾਹੌਰ ਵਿਚ ਗੁਰੂ ਰਾਮਦਾਸ ਸਾਹਿਬ ਜੀ ਧਰਮਸਾਲਾ ਦੀ ਸੇਵਾ-ਸੰਭਾਲ ਪਿੰਡ ਨਾਨੋਕੇ ਦੇ ਭਾਈ ਲੰਗਾਹ ਨੂੰ ਸੌਂਪੀ ਗਈ। ਅਪ੍ਰੈਲ 1698 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਰਬਾਰ ਸਾਹਿਬ ਦੀ ਸੇਵਾ-ਸੰਭਾਲ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਤਾਇਨਾਤ ਕੀਤਾ ਸੀ। ਆਪ ਦੇ ਨਾਲ ਭਾਈ ਭੂਪਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ ਚੰਦਰਾ, ਭਾਈ ਦਾਨ ਸਿੰਘ ਤੇ ਭਾਈ ਕੀਰਤ ਸਿੰਘ ਭੇਜੇ ਗਏ ਸਨ। 5-6 ਦਸੰਬਰ 1705 ਦੀ ਰਾਤ ਨੂੰ ਜਦੋਂ ਦਸਵੇਂ ਪਾਤਿਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਅਨੰਦਪੁਰ ਸਾਹਿਬ ਦੀ ਸੇਵਾ-ਸੰਭਾਲ ਭਾਈ ਗੁਰਬਖਸ਼ ਦਾਸ ਨੂੰ ਸੌਂਪ ਗਏ ਸਨ। ਇੰਞ ਹੀ ਹਜ਼ੂਰ ਸਾਹਿਬ (ਨੰਦੇੜ) ਦੇ ਅਸਥਾਨਾਂ ਦੀ ਸੇਵਾ-ਸੰਭਾਲ ਭਾਈ ਸੰਤੋਖ ਦਾਸ ਨੂੰ ਦਿੱਤੀ ਗਈ ਸੀ। ਮਿਸਲਾਂ ਵੇਲੇ ਵੀ ਦਰਬਾਰ ਸਾਹਿਬ ਦੀ ਸੇਵਾ-ਸੰਭਾਲ ਜਥੇਦਾਰ ਗੁਰਬਖਸ਼ ਸਿੰਘ ਲੀਲ੍ਹ (ਸ਼ਹੀਦ) ਕਰਦੇ ਰਹੇ ਸਨ। ਤਲਵੰਡੀ ਸਾਬੋ ਦੀ ਸੇਵਾ ਬਾਬਾ ਦੀਪ ਸਿੰਘ ਕੋਲ ਸੀ। ਅਠਾਰ੍ਹਵੀਂ ਸਦੀ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਬੁੱਢਾ ਦਲ ਕਰਦਾ ਰਿਹਾ ਸੀ। ਇਸ ਦਲ ਵਿਚੋਂ ਵੀ ਮਿਸਲ ਸ਼ਹੀਦਾਂ ਨੇ ਖ਼ਾਸ ਤੌਰ ’ਤੇ ਸੇਵਾ ਸੰਭਾਲ ਕੀਤੀ। ਕੁਝ ਵਕਤ, ਜਦੋਂ ਸਿੱਖਾਂ ਨੂੰ ਪਨਾਹਗਾਹਾਂ ਵਿਚ ਰਹਿਣਾ ਪਿਆ, ਇਹ ਸੇਵਾ ਉਦਾਸੀ ਗੋਪਾਲ ਦਾਸ ਨੇ ਵੀ ਕੀਤੀ। ਜਦੋਂ ਚੜ੍ਹਾਵਾ ਵਧ ਗਿਆ ਤਾਂ ਗੋਪਾਲ ਦਾਸ ਲਾਲਚੀ ਹੋ ਗਿਆ। ਉਸ ਦੀ ਕੁਰੱਪਸ਼ਨ ਨੂੰ ਠੱਲ੍ਹ ਪਾਉਣ ਵਾਸਤੇ ਚੰਚਲ ਸਿੰਘ, ਤੇ ਮਗਰੋਂ ਆਤਮਾ ਸਿੰਘ, ਨੇ ਸੇਵਾ ਸੰਭਾਲੀ। ਇਸ ਮਗਰੋਂ ਬਾਬਾ ਨੈਣਾ ਸਿੰਘ ਅਕਾਲੀ ਤੇ ਫੇਰ ਫੂਲਾ ਸਿੰਘ ਅਕਾਲੀ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕੀਤੀ। ਅਕਾਲੀ ਫੂਲਾ ਸਿੰਘ ਤੋਂ ਮਗਰੋਂ ਮਹੰਤਾਂ ਦੀ ਵਾਰੀ ਆ ਗਈ ਜੋ 1920 ਵਿਚ ਸਿੱਖ ਪੰਥ ਨੇ ਖ਼ਤਮ ਕਰ ਦਿੱਤੀ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦਾ ਇੰਤਜ਼ਾਮ ਸੰਭਾਲਿਆ।

ਇਸ ਦੌਰਾਨ ਸਿੱਖਾਂ ਦਾ ਵਧੇਰੇ ਧਿਆਨ ਦਰਬਾਰ ਸਾਹਿਬ ਅਤੇ ਨਾਨਕਾਣਾ ਸਾਹਿਬ ਵੱਲ ਰਿਹਾ। ਕੀਰਤਪੁਰ ਅਤੇ ਅਨੰਦਪੁਰ ਸਾਹਿਬ ਸੋਢੀਆਂ ਦੀ ਸੇਵਾ ਸੰਭਾਲ ਵਿਚ ਠੀਕ ਚਲਦੇ ਰਹੇ ਸਨ। ਗੁਰਦੁਆਰਿਆਂ ਵਿਚ ਸਭ ਤੋਂ ਵੱਡਾ ਮਸਲਾ ਇਹ ਸੀ ਕਿ ਮਹੰਤ ਉਨ੍ਹਾਂ ਨੂੰ ਆਪਣੀ ਜਾਇਦਾਦ ਸਮਝਦੇ ਸਨ।

ਗੁਰਦੁਆਰੇ ਦੀ ਇਮਾਰਤ

ਆਮ ਤੌਰ ’ਤੇ ਗੁਰਦੁਆਰੇ ਦੇ ਚਾਰ ਹਿੱਸੇ ਹੁੰਦੇ ਹਨ: ਦੀਵਾਨ ਹਾਲ (ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ), ਲੰਗਰ, ਸਰਾਂ ਅਤੇ ਪੰਜਾਬੀ-ਗੁਰਮੁਖੀ, ਫ਼ਲਸਫ਼ਾ ਤੇ ਤਵਾਰੀਖ਼ ਪੜਾੳ੍ਹਣ ਵਾਸਤੇ ਸਕੂਲ। ਕੁਝ ਗੁਰਦੁਆਰਿਆਂ ਵਿਚ ਇਹ ਚਾਰੇ ਸਹੂਲਤਾਂ ਹੁੰਦੀਆਂ ਹਨ, ਪਰ ਕੁਝ ਗੁਰਦਆਰਿਆਂ ਵਿਚ ਇਕ ਜਾਂ ਵੱਧ ਸਹੂਲਤਾਂ ਨਹੀਂ ਵੀ ਹੁੰਦੀਆਂ। ਹਰ ਗੁਰਦੁਆਰੇ ਵਿਚ ਨਗਾਰਾ ਹੋਣਾ ਵੀ ਲਾਜ਼ਮੀ ਹੈ ਅਤੇ ਮੁਨਾਸਿਬ ਮੌਕੇ ’ਤੇ ਇਸ ਨੂੰ ਵਜਾਇਆ ਵੀ ਜਾਣਾ ਚਾਹੀਦਾ ਹੈ। ਅੱਜ-ਕਲ੍ਹ ਕਈ ਗੁਰਦੁਆਰਿਆਂ ਵੱਲੋਂ ਹਸਪਤਾਲ ਵਗੈਰਾ ਵੀ ਚਲਾਏ ਜਾਂਦੇ ਹਨ। ਬਹੁਤੇ ਗੁਰਦੁਆਰਿਆਂ ਵਿਚ ਲਾਇਬ੍ਰੇਰੀਆਂ ਵੀ ਹੁੰਦੀਆਂ ਹਨ।

ਗੁਰਦੁਆਰੇ ਦੀ ਸਭ ਤੋਂ ਮੁਖ ਜਗਹ ਦੀਵਾਨ ਹਾਲ ਹੁੰਦੀ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸਾਫ਼ ਰੁਮਾਲਿਆਂ ਨਾਲ ਢਕਿਆ ਜਾਂਦਾ ਹੈ। ਇਸ ਦੀ ਤਾਬਿਆ ਬੈਠੇ ਜਾਂ ਖੜ੍ਹੇ ਸਿੱਖ ਦੇ ਹੱਥ ਵਿਚ ਚੌਰ ਹੁੰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ ਸ਼ਹਿਨਸ਼ਾਹ ਦਾ ਅਦਬ ਦੇਣ ਵਾਸਤੇ ਹੁੰਦੀ ਹੈ (ਚੌਰ ਮੱਖੀਆਂ ਹਟਾਉਣ ਜਾਂ ਹਵਾ ਦੇਣ ਵਾਸਤੇ ਨਹੀਂ ਹੁੰਦੀ)। .ਗੁਰੂ ਗ੍ਰੰਥ ਸਾਹਿਬ ਦੇ ਨੇੜੇ ਘਿਉ ਦੇ ਦੀਵੇ ਬਾਲਣਾ, ਗੁਰੂ ਦੀ ਹਜ਼ੂਰੀ ਵਿਚ ਘੰਟੀਆਂ ਵਜਾਉਣਾ, ਤਾੜੀਆਂ ਮਾਰਨਾ, ਸਿੱਖੀ ਅਸੂਲਾਂ ਦੇ ਖਿਲਾਫ਼ ਹੈ। ਕਈ ਲੋਕ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਂ ਹੇਠਾਂ ਪਾਣੀ ਦਾ ਘੜਾ ਜਾਂ ਕੁੱਜਾ ਜਾਂ ਕੋਈ ਹੋਰ ਭਾਂਡਾ ਰੱਖ ਦੇਂਦੇ ਹਨ। ਜਿਹੜੇ ਲੋਕ ਇਸ ਨੂੰ ਪਾਕਿ (ਪਵਿੱਤਰ) ਜਲ ਜਾਂ ਅਖੌਤੀ ਅੰਮ੍ਰਿਤ ਬਣਾਉਣ ਦੀ ਸੋਚ ਨਾਲ ਕਰਦੇ ਹਨ ਉਹ ਬੇ-ਸਮਝੀ ਦਾ ਇਜ਼ਹਾਰ ਕਰਦੇ ਹਨ। ਦੀਵਾਨ ਹਾਲ ਜਿੰਨਾ ਸਾਫ਼, ਪਰ ਸਾਦਾ, ਹੋ ਸਕੇ ਬੇਹਤਰ ਹੈ। ਵਾਧੂ ਦੀ ਸਜਾਵਟ, ਚਮਕ-ਦਮਕ, ਤੜਕ-ਭੜਕ, ਰੌਸ਼ਨੀਆਂ ਵਗੈਰਾਂ ਨਾਲ ਧਿਆਨ ਆਲੇ-ਦੁਆਲੇ ਭਟਕਦਾ ਹੈ ਅਤੇ ਕੀਰਤਨ, ਪਾਠ, ਕਥਾ ਸੁਣਨ ’ਚ ਰੋਕ ਪੈਂਦੀ ਹੈ।

ਗੁਰਦੁਆਰੇ ਦੇ ਦੀਵਾਨ ਹਾਲ ਵਿਚ ਤਸਵੀਰਾਂ ਲਾਉਣਾ, ਇਬਾਰਤਾਂ ਜਾਂ ਜੈਕਾਰੇ/ ਨਾਅਰੇ ਲਿਖਣੇ ਵੀ ਗ਼ਲਤ ਹੈ। ਇਸ ਮਕਸਦ ਵਾਸਤੇ ਲਾਇਬ੍ਰੇਰੀ, ਲੰਗਰ-ਹਾਲ, ਦਫ਼ਤਰ, ਕੌਰੀਡੋਰ ਤੇ ਲਾੱਬੀ ਵਰਤੇ ਜਾਣੇ ਚਾਹੀਦੇ ਹਨ। ਗੁਰੂ ਸਾਹਿਬ ਦੀਆਂ ਜਿੰਨੀਆਂ ਤਸਵੀਰਾਂ ਮਿਲਦੀਆਂ ਹਨ, ਉਹ ਸਭ ਨਕਲੀ ਹਨ ਅਤੇ ਕੁਝ ਬੰਦਿਆਂ ਨੂੰ ਮਾਡਲ ਬਿਠਾ ਕੇ ਜਾਂ ਖ਼ਿਆਲੀ ਉਡਾਰੀਆਂ ਨਾਲ ਬਣਾਈਆਂ ਹਈਆਂ ਹਨ ਤੇ ਕੁਝ ਵਿਚ ਤਾਂ ਗੁਰੂ ਸਾਹਿਬ ਦੀ ਹਾਸੋ-ਹੀਣੀ ਸੂਰਤ ਨਜ਼ਰ ਆਉਂਦੀ ਹੈ। ਇਸ ਕਰ ਕੇ ਗੁਰਦੁਆਰਿਆਂ ਵਿਚ, ਕਿਸੇ ਵੀ ਜਗ੍ਹਾ ਗੁਰੂ ਸਾਹਿਬ ਦੀਆਂ ਨਕਲੀ ਤਸਵੀਰਾਂ ਨਹੀਂ ਲਾਉਣੀਆਂ ਚਾਹੀਦੀਆਂ। ਉਨ੍ਹਾਂ ਦੀ ਜਗਹ ’ਤੇ ਸ਼ਬਦ ਜਾਂ ਗੁਰਦੁਆਰਿਆਂ ਦੀਆਂ ਤਸਵੀਰਾਂ ਲਾਈਆਂ ਜਾ ਸਕਦੀਆਂ ਹਨ।

ਕੁਝ ਤਵਾਰਖ਼ੀ ਗੁਰਦੁਆਰੇ ਮਿਸਲਾਂ ਵੇਲੇ ਬਣੇ ਸਨ, ਪਰ ਬਹੁਤੇ ਤਵਾਰੀਖ਼ੀਗੁਰਦੁਆਰੇ ਸਿੱਖ ਰਾਜਿਆਂ ਦੀ ਹਕੂਮਤ ਸਮੇਂ ਬਣਾਏ ਗਏ ਸਨ। ਉਸ ਤੋਂ ਪਹਿਲਾਂ, ਸਿਰਫ਼ ਕੁਝ ਹੀ ਅਸਥਾਨ ਸਨ, ਜੋ ਗੁਰੂ ਸਾਹਿਬ ਨੇ ਆਪ ਬਣਾਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਮਰਨ ਪਿੱਛੋਂ, ਗੁਰਦੁਆਰਿਆਂ ਦਾ ਪ੍ਰਬੰਧ ਧਿਆਨ ਸਿੰਹ, ਗੁਲਾਬ ਸਿੰਹ ਤੇ ਹੀਰਾ ਸਿੰਹ ਡੋਗਰਾ ਅਤੇ ਬ੍ਰਾਹਮਣਾਂ (ਮਿਸਰ-ਬ੍ਰਾਹਮਣਾਂ ਖੁਸ਼ਹਾਲ ਚੰਦ, ਭਿਵਾਨੀ ਦਾਸ, ਰਾਮ ਸਿੰਹ, ਸੁਖ ਰਾਜ, ਗੰਗਾ ਰਾਮ, ਬੇਲੀ ਰਾਮ, ਰੂਪ ਲਾਲ, ਕਿਸ਼ਨ ਲਾਲ, ਅਯੁਧਿਆ ਪ੍ਰਸਾਦ, ਦੀਨਾ ਨਾਥ, ਮਿਸਰ ਦੀਵਾਨ ਚੰਦ, ਗੰਗਾ ਰਾਮ ਵਗ਼ੈਰਾ) ਹਾਕਮਾਂ ਰਾਹੀਂ ਉਦਾਸੀਆਂ ਅਤੇ ਨਿਰਮਲੇ ਮਹੰਤਾਂ ਦੇ ਹੱਥਾਂ ਵਿਚ ਆ ਗਿਆ ਸੀ ਤੇ ਉਨ੍ਹਾਂ ਵਿਚੋਂ ਬਹੁਤੇ ਅਯਾਸ਼ ਹੋ ਗਏ ਸਨ। ਸਿੱਖਾਂ ਨੂੰ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੇਠ ਲੈਣ ਲਈ ਪੰਜ ਸਾਲ (1920 ਤੋਂ 1925 ਤਕ) ਜੱਦੋਜਹਿਦ ਕਰਨੀ ਪਈ ਸੀ। ਇਸ ਲਹਿਰ ਵਿਚ ਸੈਂਕੜੇ ਹੀ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ ਅਤੇ ਹਜ਼ਾਰਾਂ ਹੀ ਗ੍ਰਿਫ਼ਤਾਰ ਕੀਤੇ ਗਏ ਸਨ। ਹੁਣ ਵੀ ਬਹੁਤਿਆਂ ਗੁਰਦੁਆਰਿਆਂ ਦਾ ਇੰਤਜ਼ਾਮ ਪੰਥਕ ਤਰੀਕੇ ਮੁਤਾਬਿਕ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਅਨੇਕਾਂ ਹੀ ਮੈਂਬਰਾਂ ਦਾ ਜੀਵਨ ਸਿੱਖ ਫ਼ਲਸਫ਼ੇ ਦੇ ਉਲਟ ਹੈ। 1920 ਦੇ ਸਮੇਂ ਤੋਂ ਪਹਿਲਾਂ ਦੇ ਮਹੰਤਾਂ ਦੀ ਤਰ੍ਹਾਂ ਉਹ ਵੀ ਗੁਰਦੁਆਰਿਆਂ ਨੂੰ ਆਪਣੀ ਜੱਦੀ ਜਾਇਦਾਦ ਸਮਝਣ ਲੱਗ ਪਏ ਹਨ। ਅੱਜ ਗੁਰਦੁਆਰਿਆਂ ਦੇ ਚੜ੍ਹਾਵੇ ਦਾ 90% ਹਿੱਸਾ ਫ਼ਜ਼ੂਲ ਤੇ ਐਂਟੀ-ਸਿੱਖ ਕਾਰਵਾਈਆਂ ਵਾਸਤੇ ਖ਼ਰਚ ਹੁੰਦਾ ਹੈ।

No comments: