Wednesday, March 12, 2014

Purewal's Nanakshai calender CHALLENGE by Dr Dilgeer


ਪੁਰੇਵਾਲ ਦੇ ਕੈਲੰਡਰ ਸਬੰਧੀ ਸਵਾਲ Dr Harjinder Singh Dilgeer

ਪੁਰੇਵਾਲ ਦੇ ਕੈਲੰਡਰ ਸਬੰਧੀ ਸਵਾਲ


ਪੁਰੇਵਾਲ ਦੇ ਅਖੌਤੀ 'ਨਾਨਕਸ਼ਾਹੀ' ਕੈਲੰਡਰ ਬਾਰੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਮੈਂ ਇਸ ਕੈਲੰਡਰ ਨੂੰ ਸਿੱਖ ਪੰਥ ਵਾਸਤੇ ਗ਼ੈਰ ਜ਼ਰੂਰੀ ਅਤੇ ਸਿੱਖ ਫ਼ਲਸਫ਼ੇ ਦੇ ਖ਼ਿਲਾਫ਼ ਸਮਝਦਾ ਹਾਂ। ਮੈਂ ਬੂਥਾਪੋਥੀ (ਫ਼ੇਸਬੁਕ) 'ਤੇ ਕਿਸੇ ਵੀ ਗਰੁੱਪ ਦਾ ਮੈਂਬਰ ਨਹੀਂ, ਪਰ ਮੈਂ ਸ਼ੁਕਰਗੁਜ਼ਾਰ ਹੋਵਾਂਗਾ ਕਿ ਜਿੱਥੇ ਵੀ ਉਸ ਕੈਲੰਡਰ ਦੇ ਹੱਕ ਵਿਚ ਕੋਈ ਪੋਸਟ ਹੈ, ਉਥੇ ਹੇਠ ਲਿਖੇ ਸਵਾਲ ਪੋਸਟ ਕਰ ਦਿੱਤੇ ਜਾਣ ਤਾਂ ਜੋ ਜੇ ਮੈਨੂੰ ਸਮਝ ਨਹੀਂ ਤਾਂ ਮੈਂ ਵੀ ਸਮਝ ਸਕਾਂ ਕਿ ਇਸ ਕੈਲੰਡਰ ਦਾ ਸਿੱਖੀ ਨਾਲ ਕੀ ਸਬੰਧ ਹੈ ਜਾਂ ਇਸ ਦਾ ਸਿੱਖ ਪੰਥ ਨੂੰ ਕੀ ਫ਼ਾਇਦਾ ਹੈ?  ਜੇ ਇਨ੍ਹਾਂ ਵਿਚੋਂ ਕਿਸੇ ਕੋਲ (ਜਾਂ ਸਾਰੇ ਰਲ ਕੇ ਹੀ ਸਹੀ) ਇਨ੍ਹਾਂ ਦਾ ਜਵਾਬ ਦੇ ਸਕਣ ਤਾਂ ਮੈਂ ਉਨ੍ਹਾਂ ਅੱਗੇ ਸਿਰ ਝੁਕਾ ਦੇਵਾਂਗਾ। ਸਵਾਲਾਂ ਦੇ ਜਵਾਬ ਸਹੀ ਦੇਣ ‘ਟੂ ਦ ਪੁਆਇੰਟ’ ਦੇਣ ਐਂਵੇਂ ਇਧਰ ਉਧਰ ਦੀਆਂ ਜਾਂ ਝੱਖਾਂ ਨਾ ਮਾਰਨ। (ਡਾ: ਹਰਜਿੰਦਰ ਸਿੰਘ ਦਿਲਗੀਰ)

ਪੁਰੇਵਾਲ ਦੇ ਕੈਲੰਡਰ ਸਬੰਧੀ ਸਵਾਲ

1.ਪਾਲ ਸਿੰਘ ਪੁਰੇਵਾਲ ਜੀ ਦੇ ਕੈਲੰਡਰ ਵਿਚ ਵੀ ਬਿਕਰਮੀ ਤੇ ਸ਼ੱਕ ਸੰਮਤ ਦੇ ਉਹੀ ਬਾਰ੍ਹਾਂ ਮਹੀਨੇ (ਚੇਤਰ ਤੋਂ ਫੱਗਣ ਤਕ) ਹਨ। ਇਸ ਵਿਚ ਬਿਕਰਮੀ ਤੇ ਸ਼ੱਕ ਸੰਮਤ ਤੋਂ ਵਖਰਾ ਕੀ ਹੈ?

2.ਬਿਕਰਮੀ ਤੇ ਸ਼ੱਕ ਸੰਮਤ ਵਾਂਗ ਪੁਰੇਵਾਲ ਜੀ ਦਾ ਕੈਲੰਡਰ ਇਹ ਵੀ ਚੇਤਰ ਤੋਂ (ਚੇਤ ਵਦੀ ਪਹਿਲੀ ਜਾਂ ਪਹਿਲੀ ਚੇਤਰ ਤੋਂ) ਸ਼ੁਰੂ ਹੁੰਦਾ ਹੈ। ਇਸ ਵਿਚ ਬਿਕਰਮੀ ਤੇ ਸ਼ੱਕ ਸੰਮਤ ਤੋਂ ਵਖਰਾ ਕੀ ਹੈ?

3. ਬਿਕਰਮੀ ਤੇ ਸ਼ੱਕ ਸੰਤ ਵਾਂਙ ਇਸ ਪੁਰੇਵਾਲ ਜੀ ਦੇ ਕੈਲੰਡਰ ਵਿਚ ਵੀ ਸੰਗਰਾਂਦਾਂ, ਮੱਸਿਆ ਤੇ ਪੂਰਨਮਾਸੀਆਂ ਹਨ।ਇਸ ਵਿਚ ਬਿਕਰਮੀ ਤੇ ਸ਼ੱਕ ਸੰਮਤ ਤੋਂ ਵਖਰਾ ਕੀ ਹੈ? ਹਾਂ, ਪੁਰੇਵਾਲ ਦੇ ਕੈਲੰਡਰ ਵਿਚ ਸੰਗਰਾਂਦਾਂ ਦੀਆਂ ਤਾਰੀਖ਼ਾਂ ਦਾ ਫ਼ਰਕ ਹੈ (ਉਹ ਚਾਲਾਕੀ ਵੀ ਇਹ ਹੈ ਕਿ ਸ਼ੱਕ ਸੰਮਤ ਤੋਂ 13-15 ਦਿਨ ਦਾ ਫ਼ਰਕ ਪਾਇਆ ਹੋਇਆ ਹੈ)। ਪਰ, ਸਿੱਖੀ ਵਿਚ ਸੰਗਰਾਂਦ ਦਾ ਕੋਈ ਮਤਲਬ ਨਹੀਂ; ਇਸ ਕਰ ਕੇ ਇਸ ਨੁਕਤੇ ਦਾ ਵੀ ਕੋਈ ਆਧਾਰ ਨਹੀਂ ਬਣਦਾ।

4.ਇਸ ਕੈਲੰਡਰ ਦਾ ਆਧਾਰ 1999 ਸੰਨ ਹੈ ਬਾਬਾ ਨਾਨਕ ਦੇ ਜਨਮ ਦਾ ਸਾਲ (1469) ਨਹੀਂ, ਖਾਲਸਾ ਪਰਗਟ ਕਰਨ ਦਾ ਸਾਲ (1699) ਵੀ ਨਹੀਂ; ਫਿਰ ਇਸ ਵਿਚ ਬਾਬਾ ਨਾਨਕ ਜਾਂ ਖਾਲਸਾ ਦਾ ਨਾਂ ਕਿਵੇਂ ਢੁਕਦਾ ਹੈ? ਕੀ ਇਹ ਬਾਬਾ ਨਾਨਕ ਦੇ ਨਾਂ ਦੀ ਦੁਰਵਰਤੋਂ ਤੇ ਉਸ ਨਾਲ ਬੇਈਮਾਨੀ ਨਹੀਂ ਹੈ?

5. ਇਹ ਕਿਹਾ ਜਾ ਰਿਹਾ ਹੈ ਕਿ “ਕੈਲੰਡਰ ਦਾ ਮੁੱਦਾਅ ਇਤਿਹਾਸ ਦਾ ਨਹੀਂ ਖਗੋਲ, ਭੂਗੋਲ ਤੇ ਅੰਕ ਗਣਿਤ ਦਾ ਹੈ”। .  ਮੈਂ ਇਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ‘ਖਗੋਲ, ਭੂਗੋਲ ਤੇ ਅੰਕ ਗਣਿਤ’ ਦਾ ਸਿੱਖ ਫ਼ਲਸਫ਼ੇ ਨਾਲ ਕੀ ਸਬੰਧ ਹੈ। ਗੱਲ ਤਾਂ ਕੈਲੰਡਰ ਦੇ ਸਿੱਖੀ ਫ਼ਲਸਫ਼ੇ ਨਾਲ ਸਬੰਧ ਦੀ ਹੈ।

6. ਇਕ ਹੋਰ ਯ੍ਹਭਲੀ ਇਹ ਮਾਰੀ ਜਾ ਰਹੀ ਹੈ ਕਿ ਵਿਸਾਖੀ ਕਦੇ ਜੂਨ ਕਦੇ ਜੁਲਾਈ ਤੇ ਸ਼ਾਇਦ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਇਸ ਦਲੀਲ ਦਾ ਅਧਾਰ ਇਹ ਹੈ ਕਿ ਦਿਨ (24 ਘੰਟੇ) ਨਹੀਂ ਬਲਕਿ 23 ਘੰਟ 56 ਮਿੰਟ 4.1 ਸੈਕੰਡ ਦਾ ਹੁੰਦਾ ਹੈ। ਪੁਰੇਵਾਲ ਜੀ ਸ਼ਾਇਦ ਜਾਣਦੇ ਹੋਣਗੇ (ਪਰ, ਉਨ੍ਹਾਂ ਦੇ ਕੈਲੰਡਰ ਦੇ 99.99% ਹਿਮਾਇਤੀਆਂ ਨੂੰ ਇਹ ਪਤਾ ਨਹੀਂ ਹੋਣਾ) ਕਿ ਜਦ ਧਰਤੀ ਬਣੀ ਸੀ ਤਾਂ ਦਿਨ 6 ਘੰਟੇ ਦਾ ਹੁੰਦਾ ਸੀ; 40 ਕਰੋੜ ਸਾਲ ਪਹਿਲਾਂ ਸਾਲ 410 ਦਿਨਾਂ ਦਾ ਹੁੰਦਾ ਸੀ, ਯਾਨਿ ਦਿਨ 21 ਘੰਟੇ ਦਾ ਹੁੰਦਾ ਸੀ। ਹੁਣ ਸਾਲ 365.2422 ਦਿਨਾਂ ਦਾ ਹੈ। ਗਲੋਬ ਦੀ ਚਾਲ ਤੇਜ਼ ਸੀ ਤਾਂ ਦਿਨ ਹੋਰ ਵੀ ਨਿੱਕਾ ਹੁੰਦਾ ਸੀ। ਜਿਉਂ ਜਿਉਂ ਇਸ ਦੀ ਚਾਲ ਘਟਦੀ ਜਾਂਦੀ ਹੈ, ਦਿਨ ਹੋਰ ਵੀ ਲੰਮਾ ਹੁੰਦਾ ਜਾਵੇਗਾ। ਪੰਜ ਹਜ਼ਾਰ ਸਾਲ ਮਗਰੋਂ ਸਾਲ ਦੇ ਦਿਨ ‘ਸ਼ਾਇਦ’ 350 ਰਹਿ ਜਾਣਗੇ।

ਫਿਰ ਇਕ ਹੋਰ ਗੱਲ ਇਹ ਹੈ ਕਿ ਧਰਤੀ ਦੀ ਹਾਲਤ, ਗਤੀ, ਭਵਿੱਖ ਬਾਰੇ ਕੋਈ ਸ਼ਖ਼ਸ (ਪੰਜਾਬ ਤੇ ਭਾਰਤ ਦੇ ਸੰਤਾਂ, ਸਾਧੂਆਂ ਤੇ ਬ੍ਰਹਮਗਿਆਨੀਆਂ, ਬਾਬਿਆਂ, ਜੋਤਸ਼ੀਆਂ ਨੂੰ ਛੱਡ ਕੇ – ਹਾ ਹਾ ਹਾ) ਕੋਈ ਵੀ ਪੂਰੀ ਤਰ੍ਹਾਂ ਪੇਸ਼ੀਨਗੋਈ ਨਹੀਂ ਕਰ ਸਕਦਾ। ਪਰ ਮੰਨ ਲਓ ਜੇ ਦਿਨ ਲੰਮਾ ਜਾਂ ਛੋਟਾ ਹੁੰਦਾ ਹੈ ਜਾਂ ਸਾਲ ਵੱਡਾ/ਛੋਟਾ ਹੈ ਤਾਂ ਸਿੱਖੀ ਨੂੰ ਕੀ ਫ਼ਰਕ ਪੈਂਦਾ ਹੈ? ਸਿੱਖ ਫ਼ਲਸਫ਼ੇ ਵਿਚ ਮਿੰਟਾਂ ਸਕਿੰਟਾਂ, ਮਹੂਰਤ, ਸਮਾਂ, ਪਲ ਘੜੀ ਦੀ ਕੋਈ ਅਹਿਮੀਅਤ ਨਹੀਂ ਹੈ। ਜੇ ਵਿਸਾਖ ਮਹੀਨਾ ਦਸੰਬਰ ਵਿਚ ਆਵੇ ਤਾਂ ਇਸ ਨਾਲ ਸਿੱਖ ਸਿਧਾਂਤਾਂ ਨੂੰ ਕੀ ਫ਼ਰਕ ਪੈਂਦਾ ਹੈ?

7. ਫਿਰ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਪੁਰੇਵਾਲ ਦੇ ਕੈਲੰਡਰ ਵਿਚ ਸਿੱਖੀ ਨਾਲ ਸਬੰਧਤ ਕੀ ਹੈ? ਇਸ ਕਲੰਡਰ ਨਾਲ ਸਿੱਖੀ ਪ੍ਰਚਾਰ ਵਿਚ ਕੀ ਫ਼ਰਕ ਪੈਂਦਾ ਹੈ? ਇਸ ਦਾ ਪੰਥ ਨੂੰ ਕੀ ਫ਼ਾਇਦਾ ਹੈ?

8. ਇਕ ਕੁਫ਼ਰ ਇਹ ਵੀ ਤੋਲਿਆ ਗਿਆ ਹੈ ਕਿ ਇਹ ਸਿੱਖੀ ਦੀ ਵਖਰੀ ਪਛਾਣ ਦਾ ਚਿੰਨ੍ਹ ਹੈ; ਸਿੱਖ ਵਿੱਲਣਤਾ ਦੀ ਪਛਾਣ ਹੈ। ਵਾਹ ਓਏ ਮਹਾਂ ਵਿਦਵਾਨੋ! ਸਿੱਖੀ ਦੀ ਵਿਲੱਖਣਤਾ ਕੈਲੰਡਰ ਕਰ ਕੇ ਨਹੀਂ ਬਲ ਕਿ ਇਸ ਦੇ ਫ਼ਲਸਫ਼ੇ ਕਰ ਕੇ ਹੈ, ਗੁਰੁ ਗ੍ਰੰਥ ਸਾਹਿਬ ਕਰ ਕੇ ਹੈ, ਕੇਸਾਂ ਤੇ ਦਸਤਾਰ ਕਰ ਕੇ ਹੈ। ਦੁਨੀਆਂ ਸਿੱਖਾਂ ਨੂੰ ਇਨ੍ਹਾਂ ਕਾਰਨਾਂ ਕਰ ਕੇ ਵਖਰਾ ਧਰਮ, ਵਖਰੀ ਕੌਮ ਤੇ ਨਸਲ ਮੰਨਦੀ ਹੈ। 

9. ਇਹ ਕਿਹਾ ਜਾ ਰਿਹਾ ਹੈ ਕਿ ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ; ਸਿੱਖਾਂ ਦਾ ਵੀ ਹੋਣਾ ਚਾਹੀਦਾ ਹੈ। ਇਹ ਵੀ ਨਿਰੀ ਗੱਪ ਹੈ। ਬੋਧੀਆਂ, ਜੈਨੀਆਂ, ਯਹੂਦੀਆਂ ਦਾ ਆਪਣਾ ਕੋਈ ਕੈਲ਼ੰਡਰ ਨਹੀਂ। ਕੀ ਉਨ੍ਹਾਂ ਦੀ ਵਖਰੀ ਪਛਾਣ ਕੋਈ ਨਹੀਂ? ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਫ਼ਲਸਫ਼ੇ ਕਰ ਕੇ ਹੈ।

10. ਪੁਰੇਵਾਲ ਦਾ ਕੈਲੰਡਰ ਤਾਂ ਕਿਸੇ ਗ਼ੈਰ-ਸਿੱਖ ਨੂੰ ਸ਼ਾਇਦ ਪਤਾ ਤਕ ਵੀ ਨਾ ਹੋਵੇ। ਮੇਰਾ ਦਾਅਵਾ ਹੈ ਕਿ ਇਕ ਕਰੋੜ ਪਿੱਛੇ ਸ਼ਾਇਦ ਇਕ ਗ਼ੈਰ-ਸਿੱਖ ਨੂੰ ਇਸ ਕੈਲੰਡਰ ਬਾਰੇ ਪਤਾ ਹੋਵੇਗਾ। ਫਿਰ, ਬਹੁਤੇ ਸਿੱਖਾਂ ਨੇ ਵੀ ਇਸ ਦਾ ਨਾਂ ਤਾਂ ਸੁਣਿਆ ਹੈ ਪਰ ਦਸ ਲੱਖ ਵਿਚੋਂ ਸ਼ਾਇਦ ਇਕ ਸਿੱਖ ਹੀ ਹੋਵੇਗਾ ਜੋ ਇਸ ਦੀ ਵਰਤੋਂ ਕਰਦਾ ਹੈ ਜਾਂ ਇਸ ਮੁਤਾਬਿਕ ਜ਼ਿੰਦਗੀ ਦੇ ਦਿਨ ਮਨਾਉਂਦਾ ਹੈ। ਕੋਈ ਸਿੱਖ ਸ਼ਾਦੀ, ਜਨਮ ਦਿਨ, ਜਾਂ ਕੋਈ ਹੋਰ ਸਮਾਗਮ ਇਹ ਕਹਿ ਕੇ ਨਹੀਂ ਮਨਾਉਂਦਾ: ‘ਅਸੀਂ ਪੁਰੇਵਾਲ ਦੇ ਕੈਲੰਡਰ ਦੀ ਫਲਾਣੀ ਤਾਰੀਖ਼ ਮੁਤਾਬਿਕ ਬੱਚੇ ਦਾ ਦਿਨ ਮਨਾ ਰਹੇ ਹਾਂ/ ਸ਼ਾਦੀ ਕਰ ਰਹੇ ਹਾਂ’; ਸਾਰੇ ਚਾਲੂ ਕੌਮਾਂਤਰੀ (ਗਰੈਗੋਰੀਅਨ) ਕੈਲੰਡਰ ਮੁਤਾਬਿਕ ਹੀ ਦਿਨ ਮਨਾਉਂਦੇ ਹਨ। ਫਿਰ ਇਹ ਸਿੱਖ ਪੰਥ ਦਾ ਕੈਲੰਡਰ ਕਿਵੇਂ ਹੋ ਗਿਆ? ਕੌਮੀ ਕੈਲੰਡਰ ਤਾਂ ਉਹ ਹੁੰਦਾ ਹੈ ਜਿਸ ਦੀ ਵਰਤੋਂ ਲੋਕ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਰਦੇ ਹੋਣ। ਸਿੱਖ ਇਸ ਮੁਤਾਬਕ ਸਿਰਫ਼ ਸੰਗਰਾਂਦਾਂ ਹੀ ਮਨਾਉਣਂਦੇ ਹਨ ਜੋ ਕਿ ਸਗੋਂ ਸਿੱਖੀ ਦੇ ਉਲਟ ਹਨ। ਯਾਨਿ ਇਹ ਕੈਲੰਡਰ ਸੰਗਰਾਂਦਾਂ ਵਾਸਤੇ ਹੈ। ਇਕ ਵਾਰ ਇਕ ਮਿਸ਼ਨਰੀ ਨੇ ਪੁਰੇਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਕੈਲੰਡਰ ਵਿਚੋਂ ਸੰਗਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਹਟਾ ਦਿਓ ਤੇ ਇਨ੍ਹਾਂ ਤੋਂ ਬਿਨਾਂ ਛਾਪੋ, ਤਾਂ ਪੁਰੇਵਾਲ ਦਾ ਜਵਾਬ ਸੀ: “ਫਿਰ ਇਸ ਕੈਲੰਡਰ ਦਾ ਮਕਸਦ ਹੀ ਕੀ ਰਹਿ ਗਿਆ?”, ਯਾਨਿ ਪੁਰੇਵਾਲ ਦਾ ਕੈਲੰਡਰ ਸਿੱਖਾਂ ਵਿਚ ਸੰਗਰਾਂਦਾਂ ਨੂੰ ਪੱਕਿਆਂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਤਾਂ ਫਿਰ ਇਹ ਆਰ.ਐਸ.ਐਸ. ਦੀ ਸੇਵਾ ਨਹੀਂ ਤਾਂ ਹੋਰ ਕੀ ਹੈ।

11. ਫਿਰ ਸਵਾਲ ਉੇਠੇਗਾ ਕਿ ਕੈਲੰਡਰ ਦਾ ਮਸਲਾ ਕਿਵੇਂ ਹੱਲ ਕੀਤਾ ਜਾਵੇ? ਜਵਾਬ: ਸਾਰਾ ਮਸਲਾ ਇਸ ਨੁਕਤੇ ਤੋਂ ਸ਼ੁਰੂ ਹੋਇਆ ਸੀ ਕਿ ਬਿਕਰਮੀ ਕੈਲੰਡਰ ਮੁਤਾਬਿਕ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕਈ ਵਾਰੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਈ ਵਾਰੀ ਕਿਸੇ ਸਾਲ ਵਿਚ ਬਿਲਕੁਲ ਨਹੀਂ ਆਉਂਦਾ। ਉਂਞ ਤਾਂ ਇਹ ਝੂਠ ਹੈ; ਗੁਰੁ ਜੀ ਦਾ ਜਨਮ ਚੰਨ ਦੇ ਕੈਲੰਡਰ ਮੁਤਾਬਿਕ ਹਰ ਸਾਲ ਇਕ ਵਾਰ ਹੀ ਆਉਂਦਾ ਹੈ। ਫਿਰ ਇਸ ਹਿਸਾਬ ਨਾਲ ਤਾਂ ਮੁਸਲਮਾਨਾਂ ਨੂੰ ਵੀ ਮੁਸੀਬਤ ਪੈ ਜਾਵੇਗੀ। ਉਨ੍ਹਾਂ ਦੀ ਈਦ ਵੀ ਹਰ ਸਾਲ ਵੱਖ ਵਖ ਦਿਨ ‘ਤੇ ਆਉਂਦੀ ਹੈ ਅਤੇ ਰੋਜ਼ੇ (ਰਮਜ਼ਾਨ ਦਾ ਮਹੀਨਾ) ਵੀ ਸਾਲ ਵਿਚ ਦੋ ਵਾਰ ਆ ਜਾਂਦੇ ਹਨ: ਕਦੇ ਜਨਵਰੀ ਵਿਚ ਤੇ ਕਦੇ ਜੂਨ ਜੁਲਾਈ ਵਿਚ। ਇੰਞ ਹੀ ਇਸਾਈਆਂ ਦਾ ‘ਗੁੱਡ ਫ਼ਰਾਈ ਡੇਅ’ ਵੀ ਹਰ ਸਾਲ ਵੱਖ-ਵੱਖ ਦਿਨਾਂ ‘ਤੇ ਆਉਂਦਾ ਹੈ। ਯਹੂਦੀ ਵੀ ਚੰਨ ਦਾ ਕੈਲੰਡਰ ਮੰਨਦੇ ਹਨ।  ਸਿਰਫ਼ ਸਿੱਖਾਂ ਨੂੰ ਹੀ ਸੂਰਜ ਦੇ ਨਾਂ ‘ਤੇ ਕਿਉਂ ਮੂਰਖ ਬਣਾਇਆ ਜਾ ਰਿਹਾ ਹੈ।ਚਲੋ, ਜੇ ਆਪਾਂ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਨੁਕਤਾ ਹੀ ਹੱਲ ਕਰਨਾ ਹੈ ਤਾਂ ਇਸ ਦਾ ਤਰੀਕਾ ਇਹ ਹੈ ਕਿ ਗੁਰੁ ਜੀ ਦੇ ਜਨਮ ਦਾ ਦਿਨ ਨੀਅਤ ਕਰ ਕੇ ਹਰ ਸਾਲ ਉਸੇ ਤਾਰੀਖ਼ ‘ਤੇ ਮਨਾ ਲਿਆ ਜਾਇਆ ਕਰੇ। ਮਿਸਾਲ ਵਜੋਂ ਉਨ੍ਹਾਂ ਦਾ ਜਨਮ ਪੋਹ ਸੁਦੀ ਸਤਵੀਂ ਸੰਮਤ 1718, ਯਾਨਿ 18 ਦਸੰਬਰ 1661 (ਇਕ ਰਿਵਾਇਤ ਮੁਤਾਬਿਕ ਪੋਹ ਸੁਦੀ ਸਤਵੀਂ ਸੰਮਤ 1723, ਯਾਨਿ 22 ਦਸੰਬਰ 1666) ਹੈ (ਖ਼ੈਰ ਤਵਾਰੀਖ਼ਦਾਨ ਇਹ ਫ਼ੈਸਲਾ ਕਰ ਸਕਦੇ ਹਨ ਕਿ ਕਿਸ ਤਾਰੀਖ਼ ਨੂੰ ਸਹੀ ਮੰਨਣਾ ਹੈ)। .ਸੋ ਇਹ ਦਿਨ ਸਦਾ ਵਾਸਤੇ ਹਰ ਸਾਲ 18 (ਜਾਂ 22 ਜਿਸ ‘ਤੇ ਫ਼ੈਸਲਾ ਹੋਵੇ) ਦਸੰਬਰ ਨੂੰ ਹੀ ਮਨਾਇਆ ਜਾ ਸਕਦਾ ਹੈ। ਪੁਰੇਵਾਲੀਏ ਸਾਥੀ ਇਹ ਕਹਿਣਗੇ ਕਿ ਉਦੋਂ (1661 ਜਾਂ 1666 ਵਿਚ) ਤਾਂ ਜੂਲੀਅਨ ਕੈਲੰਡਰ ਲਾਗੂ ਸੀ ਤੇ 1752 ਵਿਚ ਜਦ ਉਸ ਦੀ ਜਗਹ ਹੁਣ ਵਾਲਾ ਗਰੈਗੋਰੀਅਨ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਉਸ ਵਿਚ 12 ਦਿਨ (ਕਈ ਸਾਲਾਂ ਜਾਂ ਮੁਲਕਾਂ ਵਿਚ 13, 14 ਦਿਨ) ਦਾ ਫ਼ਰਕ ਪੈ ਗਿਆ ਸੀ, ਸੋ ਤਾਰੀਖ਼ ਜੂਲੀਅਨ ਦੀ ਹੈ ਤੇ ਹੁਣ ਗਰੈਗੋਰੀਅਨ ਕੈਲੰਡਰ ਲਾਗੂ ਹੈ। ਓ ਭਲੇਮਾਣਸੋ ਆਪਾਂ ਤਾਂ ਇਕ ਤਾਰੀਖ਼ ਮਿੱਥਣ ਲਗੇ ਹਾਂ ਤੇ ਉਹੀ ਮਿੱਥਣੀ ਚਾਹੀਦੀ ਹੈ ਜੋ ਲੋਕ ਕਿਤਾਬਾਂ ਵਿਚੋਂ ਪੜ੍ਹਦੇ ਹਨ।

ਇੱਥੇ ੲਕ ਹੋਰ ਜਾਣਕਾਰੀ ਸਾਂਝੀ ਕਰਨੀ ਚਾਹਵਾਂਗਾ ਕਿ ਇਸਾਈ ਕ੍ਰਿਸਮ 25 ਦਸੰਬਰ ਨੂੰ ਮਨਾਉਂਦੇ ਹਨ। ਇਹ ਤਾਰੀਖ਼ ਉਨ੍ਹਾਂ ਨੇ ਕਈ ਸਦੀਆਂ ਪਹਿਲਾਂ ਮਿਥੀ ਸੀ। ਉਦੋਂ ਜੂਲੀਅਨ ਕੈਲੰਡਰ ਲਾਗੂ ਸੀ ਤੇ ਹੁਣ ਗਰੈਗੋਰੀਅਨ ਕੈਲੰਡਰ ਲਾਗੂ ਹੈ। ਪਰ ਉਨ੍ਹਾਂ ਨੇ 1752 ਵਿਚ (ਜਾਂ ਜਦ ਵੀ, ਜਿੱਥੇ ਵੀ ਹੁਣ ਵਾਲਾ ਕੈਲੰਡਰ ਲਾਗੂ ਕੀਤਾ ਗਿਆ ਉਨ੍ਹਾਂ ਨੇ 12, 13 ਦਿਨ ਸ਼ਾਮਿਲ ਕਰ ਕੇ ਤਾਰੀਖ਼ ਨਹੀਂ ਬਦਲੀ ਸੀ। ਸੋ ਸਾਨੂੰ ਵੀ ਗੁਰੂਆਂ ਦੇ ਦਿਨ ਕਿਤਾਬਾਂ ਵਿਚ ਲਿਖੀਆਂ ਅਸਲ ਜਨਮ ਤਾਰੀਖ਼ ਨੂੰ ਆਖ਼ਰੀ ਮੰਨ ਕੇ ਮਨਾ ਲੈਣੇ ਚਾਹੀਦੇ ਹਨ। ਇਸ ਵਾਸਤੇ ਕਿਸੇ ਪੁਰੇਵਾਲੀ ਕੈਲੰਡਰ ਦੀ ਜ਼ਰੂਰਤ ਨਹੀਂ ਹੈ।

12. ਫਿਰ, ਇਹ ਸਵਾਲ ਕਿ ਸਿੱਖ ਚੰਨ ਦਾ ਕੈਲੰਡਰ ਮੰਨਣ ਜਾਂ ਸੂਰਜ ਦਾ। ਓ! ਭਾਈ, ਇਸ ਦਾ ਧਰਮ ਨਾਲ ਕੀ ਸਬੰਧ? ਸਾਰੀ ਦੁਨੀਆਂ ਸਿਰਫ਼ ਇਕ ਕੌਮਾਂਤਰੀ ਕੈਲੰਡਰ ਮੁਤਾਬਿਕ ਆਪਣੀ ਹਰ ਕਾਰਵਾਈ ਕਰਦੀ ਹੈ।

ਕੀ ਸਿੱਖਾਂ ਨੇ ਗੁਰਪੁਰਬ ਤਾਰੀਖ਼ਾਂ, ਦਿਨਾਂ, ਮਿੰਟਾਂ, ਸਕਿੰਟਾਂ ਦੇ ਹਿਸਾਬ ਨਾਲ ਮਹੂਰਤ ਕੱਢ ਕੇ ਮਨਾਉੇਣੇ ਹਨ? ਗੁਰਪੁਰਬ ਮਨਾਉਣ ਦਾ ਮਕਸਦ ਕੀ ਹੈ? ਕੀ ਉਦੋਂ ਮਹੂਰਤ ਦੇ ਹਿਸਾਨ ਨਾਲ ਮੰਤਰ ਪੜ੍ਹਨੇ ਹੁੰਦੇ ਹਨ ਕਿ ਗੁਰੁ ਦੀ ਗੱਲ ਕਰਨੀ ਹੁੰਦੀ ਹੈ? ਕੈਲੰਡਰ ਦਾ ਮਸਲਾ ਜੇ ਕਰਮ ਕਾਂਡ ਨੂੰ ਉਤਸਾਹਤ ਕਰਨਾ ਨਹੀਂ ਤਾਂ ਹੋਰ ਕੀ ਹੈ?

13. ਆਖ਼ਰੀ ਸਵਾਲ
ਇਹ ਹੈ ਕਿ ਇਸ ਕੈਲੰਡਰ ਦੀ ਵਰਤੋਂ ਕਿਸ ਵਾਸਤੇ ਕੀਤੀ ਜਾਣੀ ਹੈ? ਅਸੀਂ ਆਪਣੀ ਜ਼ਿੰਦਗੀ ਵਿਚ ਕੌਮਾਂਤਰੀ ਕੈਲੰਡਰ (ਜਨਵਰੀ ਤੋਂ ਦਸੰਬਰ ਵਾਲਾ) ਹੀ ਵਰਤਣਾ ਹੈ। ਸਿੱਖੀ ਵਿਚ ਸੰਗਰਾਂਦ ਦੀ  ਕੋਈ ਥਾਂ ਨਹੀਂ; ਇਸ ਕਰ ਕੇ ਇਸ ਪੱਖੋਂ ਵੀ ਇਸ ਦੀ ਕੋਈ ਜ਼ਰੂਰਤ ਨਹੀਂ। ਹਾਂ, ਵਧ ਤੋਂ ਵਧ ਇਹ ਇਹ ਕਹਿ ਸਕਦੇ ਹਨ ਕਿ ਅਸੀਂ ਇਸ ਮੁਤਾਬਿਕ ਗੁਰਪੁਰਬ ਮਨਾਉਣੇ ਹਨ। ਇਸ ਵਿਚ ਵੀ ਗੁਰੂ ਨਾਨਕ ਜਨਮ ਦਿਨ, ਦੀਵਾਲੀ, ਹੋਲਾ ਮਹੱਲਾ ਵਗ਼ੈਰਾ ਨਹੀਂ ਮਨਾਏ ਜਾਣੇ। ਲੈ ਦੇ ਕੇ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਾਂ ਦੋ ਕੂ ਸ਼ਹੀਦੀ ਦਿਨ ਰਹਿ ਜਾਣਗੇ। ਪਰ ਉਹ ਤਾਰੀਖ਼ਾਂ ਤਾਂ ਇਕੋ ਵਾਰ ਸਦਾ ਵਾਸਤੇ ਕੱਢ ਲੈਣੀਆਂ (ਜਾਂ ਕੱਢ ਲਈਆਂ) ਹਨ। ਯਾਨਿ ਤਾਰੀਖ਼ਾਂ ਕੱਢਣ ਮਗਰੋਂ ਇਹ ਕੈਲੰਡਰ ਬੇਮਾਅਨਾ ਹੈ, ਫ਼ਜ਼ੂਲ ਹੈ।

ਪੁਰੇਵਾਲ ਦੇ ਕੈਲੰਡਰ ਵਾਸਤੇ ਜ਼ਿਦ ਕਿਉਂ ਤੇ ਕੌਣ ਕਰਦਾ ਹੈ?

ਪੁਰੇਵਾਲ ਦੇ ਕੈਲੰਡਰ ਵਾਸਤੇ ਜ਼ਿਦ ਤਿੰਨ ਕਿਸਮ ਦੇ ਲੋਕ ਕਰ ਰਹੇ ਹਨ:
1. ਉਹ ਜਿਨ੍ਹਾਂ ਨੂੰ ਇਹ ਭੁਲੇਖਾ ਪਾ ਦਿੱਤਾ ਗਿਆ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ ਦਾ ਹੈ ਅਤੇ ਉਸ ਦੀਆਂ ਤਾਰੀਖ਼ਾਂ ਪੰਡਤ ਕੱਢਦੇ ਹਨ। ਇਹ ਕੋਰਾ ਝੂਠ ਹੈ। ਇਸ ਕੈਲੰਡਰ ਦਾ ਸਬੰਧ ਹਿੰਦੂਆਂ ਨਾਲ ਹਰਗਿਜ਼ ਨਹੀਂ; ਇਹ ਤਾਂ ਸਾਊਥ ਏਸ਼ੀਆ ਵਿਚ ਹਿੰਦੂ ਧਰਮ ਦੇ ਜਨਮ ਤੋਂ ਵੀ ਪਹਿਲਾਂ ਤੋਂ ਪ੍ਰਚਲਤ ਚੰਨ ਦਾ ਕੈਲੰਡਰ ਹੈ। ਦੂਜਾ ਇਸ ਦੀਆਂ ਤਾਰੀਖ਼ਾਂ ਪੰਡਤ ਨਹੀਂ ਕੱਢਦੇ। ਇਹ ਤਾਰੀਖ਼ਾਂ ਕੋਈ ਵੀ ਕੱਢ ਸਕਦਾ ਹੈ। ਕੈਂਬਰਿਜ ਯੂਨੀਵਰਸਿਟੀ ਨੇ ਸੰਨ 2300 ਤਕ ਦੀਆਂ ਤਾਰੀਖ਼ਾਂ ਦਾ ਕੈਲੰਡ ਕਈ ਸਾਲ ਪਹਿਲਾਂ ਛਾਪ ਦਿੱਤਾ ਸੀ। ਫਿਰ ਇਹ ਵੀ ਝੂਠ ਹੈ ਕਿ ਗਰੈਗੋਰੀਅਨ ਕੈਲੰਡਰ ਈਸਾਈਆਂ ਦਾ ਹੈ। ਉਹ ਭਾਵੇਂ ਪੋਪ ਗਰੈਗਰੀ ਨੇ ਬਣਾਇਆ ਸੀ ਪਰ ਹੁਣ ਉਹ ਸਾਰੀ ਦੁਨੀਆਂ ਦਾ ਸਾਂਝਾ ਕੈਲੰਡਰ ਹੈ ਤੇ ਉਸ ਕੈਲੰਡਰ ਨੇ ਹੀ ਦੁਨੀਆਂ ਵਿਚ ਇਕ-ਸਾਰਤਾ ਬਣਾਈ ਹੋਈ ਹੈ।

2. ਇਸ ਕੈਲੰਡਰ ਦੇ ਹਿਮਾਇਤੀਆਂ ਵਿਚ ਉਹ ਵੀ ਹਨ ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਸਾਬਕਾ ਕਮੇਟੀ ਵਾਲੇ (ਸਰਨਾ ਗਰੁੱਪ) ਸਨ ਜਾਂ ‘ਸਾਬਕਾ ਖਾੜਕੂਆਂ’ ਵਿਚੋਂ ਕੁਝ (ਸਾਰੇ ਨਹੀਂ) ਗਰੁੱਪ ਹਨ, ਜਿਨ੍ਹਾਂ ਦਾ ਨਿਸ਼ਾਨਾ ਸਿਰਫ਼ ਸ਼੍ਰੋਮਣੀ ਕਮੇਟੀ ਦੀ ਹਰ ਗੱਲ ਦਾ ਵਿਰੋਧ ਕਰਨਾ ਹੀ ਹੈ। ਉਨ੍ਹਾਂ ਦੇ ਵਿਰੋਧ ਦਾ ਦਲੀਲ ਜਾਂ ਅਸੂਲ ਨਾਲ ਕੋਈ ਸਬੰਧ ਨਹੀਂ।

3. ਇਸ ਕੈਲੰਡਰ ਵਾਸਤੇ ਸਭ ਤੋਂ ਵਧ ਜ਼ਿਦ ਉਹ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੀ ਹਿਮਾਇਤ ਕੀਤੀ ਸੀ ਤੇ ਹੁਣ ਉਹ ਇਸ ਨੂੰ ਅੜੀ ਦਾ ਸਵਾਲ ਬਣਾ ਬੈਠੇ ਹਨ। ਇਸ ਮਜ਼ਮੂਨ ਨੂੰ ਪੜ੍ਹ ਕੇ ਉਹ ਭਾਵੇ ਲਾਜਵਾਬ ਹੋ ਗਏ ਹੋਣਗੇ, ਪਰ ਕਿਉਂ ਕਿ ਉਹ ਇਕ ਵਾਰ ਇਸ ਦੀ ਹਿਮਾਇਤ ਕਰ ਚੁਕੇ ਹਨ ਇਸ ਕਰ ਕੇ ਉਨ੍ਹਾਂ ਨੇ “ਮੈਂ ਨਾ ਮਾਨੂੰ” ਵਾਲੀ ਅੜੀ ਤੋਂ ਹਟਣਾ ਨਹੀਂ ਤੇ ਮਨਹਠ ਕਰੀ ਜਾਣਾ ਹੈ।

ਗੁਰਬਾਣੀ ਮਨ ਹਠ ਕਰਨ ਵਾਲੇ ਨੂੰ ਮਨਮੁਖ, ਮੂਰਖ ਤੇ ਗਧੇ ਨਾਲ ਤਸ਼ਬੀਹ ਦੇਂਦੀ ਹੈ।



ਪੁਰੇਵਾਲੀਆਂ ਦਾ 8 ਫ਼ਰਵਰੀ 2014 ਦਾ ਨਵਾਂ ਸ਼ੋਸ਼ਾ

ਪੁਰੇਵਾਲੀਆਂ ਨੇ ਇਕ ਹੋਰ ਸ਼ੋਸ਼ਾ ਇਹ ਛੱਡਿਆ ਹੈ ਕਿ ਬਿਕਰਮੀ ਕੈਲੰਡਰ ਪੂਰਨ ਨਹੀਂ; ਇਸ ਵਿਚ ਨੁਕਸ ਹਨ। ਉਨ੍ਹਾਂ ਨੇ ਇਸ ਸ਼ੋਸ਼ੇ ਦੇ ਨਾਂ ਹੇਠ ਇਕ ਲੇਖ “ਸਾਇੰਸ ਬਿਹਾਈਂਡ ਸੋਲਰ ਵ ਲੂਨਰ ਕੈਲੰਡਰਜ਼” ਦੀ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂ ਕਿ ਉਸ ਵਿਚ ਵੀ ਲਿਖਿਆ ਹੈ ਕਿ 1500 ਸਾਲ ਵਿਚ ਸਾਲ 23 ਦਿਨ ਛੋਟਾ ਹੋ ਚੁਕਾ ਹੈ। ਮੈਂ ਉਪਰ 6 ਨੰਬਰ ਨੁਕਤੇ ਵਿਚ ਪਹਿਲਾਂ ਹੀ ਦਸ ਚੁਕਾ ਹਾਂ ਕਿ ਪਹਿਲਾਂ ਕਦੇ ਸਾਲ 410 ਦਿਨਾਂ ਦਾ ਹੁੰਦਾ ਸੀ, ਯਾਨਿ ਦਿਨ 21 ਘੰਟੇ ਦਾ ਹੁੰਦਾ ਸੀ। ਹੁਣ ਸਾਲ 365.2422 ਦਿਨਾਂ ਦਾ ਹੈ। ਜਿਉਂ ਜਿਉਂ ਗਲੋਬ ਦੀ ਚਾਲ ਘਟਦੀ ਜਾਂਦੀ ਹੈ, ਦਿਨ ਹੋਰ ਵੀ ਲੰਮਾ ਹੁੰਦਾ ਜਾਂਦਾ ਹੈ ਤੇ ਸਾਲ ਛੋਟਾ ਹੁੰਦਾ ਜਾਂਦਾ ਹੈ। ਪੰਜ ਹਜ਼ਾਰ ਸਾਲ ਮਗਰੋਂ ਸਾਲ ਦੇ ਦਿਨ ‘ਸ਼ਾਇਦ’ 350 ਜਾਂ 300 ਹੀ ਰਹਿ ਜਾਣਗੇ। ਫਿਰ ਉਦੋਂ ਪੁਰੇਵਾਲ ਦਾ ਕੈਲੰਡਰ ਬੇਮਾਅਨਾ ਹੋ ਜਾਵੇਗਾ।

ਜੇ ਗਲੋਬਲ ਵਾਰਮਿੰਗ ਨਾਲ ਕਿਤੇ ਅਪ੍ਰੈਲ ਵਿਚ ਬਰਫ਼ ਪੈਣ ਲਗ ਪਈ ਅਤੇ ਦਸੰਬਰ ਵਿਚ ਵਿਸਾਖ-ਜੇਠ ਦੀ ਗਰਮੀ ਪੈਣ ਲਗ ਪਈ ਤਾਂ ਕਿਹਾ ਨਹੀਂ ਜਾ ਸਕਦਾ ਕਿ ਪੁਰੇਵਾਲੀਏ ਵਿਸਾਖੀ ਤੇ ਦਸਮ ਪਤਾਸ਼ਾਹ ਦੇ ਪੁਰਬ ਦੀਆਂ ਤਾਰੀਖ਼ਾਂ ਦਾ ਕੀ ਕਰਨਗੇ?

ਮੈਂ ਇਸ ‘ਪੁਰੇਵਾਲੀ ਟੋਲੇ’ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਘੰਟੇ, ਮਿੰਟ, ਦਿਨ, ਧਰਤੀ ਦਾ ਚਾਲ, ਗ੍ਰਹਿ, ਸੂਰਜੀ, ਚੰਨ ਦੇ, ਵੱਡੇ ਦਿਨ, ਛੋਟੇ ਦਿਨ ਦਾ ਸਿੱਖ ਫ਼ਲਸਫ਼ੇ ਨਾਲ ਕੀ ਸਬੰਧ ਹੈ? ਕਿਸੇ ਖ਼ਾਸ ਜਾਂ ਇਕੋ ਦਿਨ ਗੁਰਪੁਰਬ ਮਨਾਉਣ ਨਾਲ ਸਿੱਖੀ ਨੂੰ ਕੀ ਫ਼ਾਇਦਾ ਹੋ ਜਾਵੇਗਾ। ਜੇ ਪੁਰਬ ਮਨਾਉਣ ਦੇ ਦਿਨ ਦੀ ਇਕਸਾਰਤਾ ਹੋ ਵੀ ਜਾਵੇ (ਜੋ ਨਾਮੁਮਕਿਨ ਹੈ ਕਿਉਂ ਕਿ ਧਰਤੀ ਦੀ ਚਾਲ ਨਾਲ, ਜਿਵੇਂ ਉਪਰ ਦੱਸਿਆ ਹੈ, ਪੁਰੇਵਾਲ ਦਾ ਕੈਲੰਡਰ ਵੀ ਬਦਲ ਜਾਵੇਗਾ) ਤਾਂ ਵੀ ਸਿੱਖੀ ਨੂੰ ਕੀ ਫ਼ਰਕ ਪਵੇਗਾ। 

ਚਲੋ ਜੇ ਗੁਰਪੁਰਬ ਮਨਾਉਣ ਵਾਸਤੇ ਇਕ ਦਿਨ ਨੀਅਤ ਕਰਨਾ ਵੀ ਹੈ ਤਾਂ ਇਕ ਨਵੇਂ ਕੈਲੰਡਰ ਦੀ ਕੀ ਲੋੜ ਹੈ? ਕੌਮ ਦਾ ਕਿੰਨਾ ਸਰਮਾਇਆ ਤੇ ਸਮਾਂ ਇਸ ਫ਼ਜ਼ੂਲ ਡਰਾਮੇ ਵਾਸਤੇ ਗੁਆ ਦਿੱਤਾ ਜਾ ਚੁਕਾ ਹੈ। ਇਸ ਬੇਮਾਅਨਾ ਹਰਕਤ ਦੇ ਨਾਂ ‘ਤੇ ਕੌਮ ਵਿਚ ਕਿੰਨੀ ਫੁੱਟ ਪੈ ਚੁਕੀ ਹੈ ਤੇ ਨਾ ਇਸ ਵਿਚੋਂ ਕੁਝ ਨਿਕਲਿਆ ਹੈ ਨਾ ਕੁਝ ਨਿਕਲਣ ਦੀ ਆਸ ਹੈ। ਹਾਂ, ਇਸ ਨਾਲ ਕੌਮ ਦੇ ਬਾਕੀ ਮਸਲੇ ਭੁਲਾ ਦਿੱਤੇ ਗਏ ਹਨ ਜਾਂ ਦੋ ਨੰਬਰ ਦੇ ਹੋ ਗਏ ਹਨ ਤੇ ਇਹ ਬੇਮਾਅਨਾ ਡਰਾਮਾ ਮੁਖ ਬਣ ਗਿਆ ਹੈ।

ਇੰਞ ਇਹ ਕੈਲੰਡਰ ਕੌਮ ਦੇ ਦੁਸ਼ਮਣਾਂ ਵਾਸਤੇ ਸੋਨਾ ਸਾਬਿਤ ਹੋਇਆ ਹੈ ਜਿਸ ਨੇ ਸਿੱਖਾਂ ਨੂੰ ਬੇਮਾਅਨਾ ਲਹਿਰ ਪਾਸੇ ਟੋਰ ਦਿੱਤਾ ਹੈ ਅਤੇ ਸਿੱਖੀ ਨੂੰ ਘੰਟੇ, ਮਿੰਟ, ਦਿਨ, ਧਰਤੀ ਦਾ ਚਾਲ, ਗ੍ਰਹਿ, ਸੂਰਜੀ, ਚੰਨ ਦੇ, ਵੱਡੇ ਦਿਨ, ਛੋਟੇ ਦਿਨ ਦੇ ਨਾਂ ‘ਤੇ ਉਲਾਝਾਉਣ ਦੀ ਮਹਾਨ ਸੇਵਾ ਕੀਤੀ ਹੈ।


ਡਾਕਟਰ ਹਰਜਿੰਦਰ ਸਿੰਘ ਦਿਲਗੀਰ

-2-

ਸ਼ਰਮਨਾਕ! ਘਟੀਆ!! ਹੋਛਾ ਪਰਚਾਰ
(ਪੁਰੇਵਾਲ ਦੇ ਕੈਲੰਡਰ ਸਬੰਧੀ)

ਸ. ਪਾਲ ਸਿੰਘ ਪੁਰੇਵਾਲ, (ਖ਼ਾਸ ਕਰ ਕੇ) ਸ. ਸਰਬਜੀਤ ਸਿੰਘ ਸੈਕਰਾਮੈਂਟੋ, (ਅਤੇ ਹੁਣ) ਸ. ਵਰਿੰਦਰ ਸਿੰਘ ਗੋਲਡੀ ‘ਪੁਰੇਵਾਲ ਦੇ ਕੈਲੰਡਰ’ ਦੇ ਖ਼ਾਸ ਹਿਮਾਇਤੀ ਹਨ; ਉਨ੍ਹਾਂ ਨੂੰ ਆਪਣੀ ਸੋਚ ਮੁਬਾਰਿਕ। ਮੈਂ ਪੁਰੇਵਾਲ ਦੇ ਕੈਲੰਡਰ ਨੂੰ ਆਰ.ਐਸ.ਐਸ. ਦੀ ਸਾਜ਼ਿਸ਼ ਦਾ ਇਕ ਹਿੱਸਾ ਸਮਝਦਾ ਹਾਂ। ਮੇਰੀ ਇਸ ਸੋਚ ਦੇ ਕੁਝ ਕਾਰਨ ਹਨ ਜੋ ਮੈਂ 2003 ਤੋਂ ਹੀ ਲਿਖਦਾ ਆ ਰਿਹਾ ਹਾਂ; ਪਰ ਅੱਜ ਤਕ ਪੁਰੇਵਾਲ ਧੜੇ ਦਾ ਕੋਈ ਵੀ ਬੰਦਾ ਉਸ ਦਾ ਜਵਾਬ ਨਹੀਂ ਦੇ ਸਕਿਆ।

ਹੁਣ ਉਨ੍ਹਾਂ ਨੇ ਨਵਾਂ ਨੇ ਇਕ ਸ਼ਰਮਨਾਕ! ਘਟੀਆ!! ਹੋਛਾ ਪਰਚਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ। ਅੱਜ 7 ਫ਼ਰਵਰੀ 2014 ਦੇ ਦਿਨ ਮੈਨੂੰ ਸ. ਪ੍ਰਿਤਪਾਲ ਸਿੰਘ ਦਾਭਲੀ ਨੇ ਇਕ ਲਿੰਕ ਭੇਜਿਆ। ਇਹ ਕਿਸੇ ਇਹ ਕਿਸੇ  ‘ਵਰਲਡ ਸਿੱਖ ਫ਼ੈਡਰੇਸ਼ਨ’ ਦੇ ‘ਵਰਲਡ ਸਿੱਖ ਨਿਊਜ਼’ ਨਾਂ ਦੇ ਵੈਬ ਪੇਜ ਦਾ ਲਿੰਕ ਸੀ ਜਿਸ ਵਿਚ “ਸ ਹਰਜਿੰਦਰ ਸਿੰਘ ਦਿਲਗੀਰ ਨੂੰ ਬੇਨਤੀ ਪੱਤਰ’ ਦੇ ਨਾਂ ਹੇਠ, ਸ ਵਰਿੰਦਰ ਸਿੰਘ ਗੋਲਡੀ ਵੱਲੋਂ ਇਕ ਲਿਖਤ ਸੀ। ਜਿਸ ਵਿਚ ਤਿੰਨ ਖ਼ਾਸ ਨੁਕਤੇ ਉਠਾਏ ਗਏ ਸਨ:

ੳ. ਮੈਂ ਹਰ ਉਸ ਨੂੰ ਬਲਾੱਕ ਕਰ ਦੇਂਦਾ ਹਾਂ ਜੋ ਪੁਰੇਵਾਲ ਦੇ ਕੈਲੰਡਰ ਦਾ ਹਿਮਾਇਤੀ ਹੈ

ਅ. ਉਹ ਕਹਿੰਦੇ ਹਨ ਕਿ ਪੁਰੇਵਾਲ ਦੇ ਕੈਲੰਡਰ ਸਬੰਧੀ ਮੇਰੇ ਸਾਰੇ ਸਵਾਲਾਂ/ਸ਼ੰਕਿਆਂ ਦੇ ਜਵਾਬ ਦੇ ਚੁਕੇ ਹਨ।

ੲ. “ਕੈਲੰਡਰ ਦਾ ਮੁੱਦਾਅ ਇਤਿਹਾਸ ਦਾ ਨਹੀਂ ਖਗੋਲ, ਭੂਗੋਲ ਤੇ ਅੰਕ ਗਣਿਤ ਦਾ ਹੈ”। .ਮੈਂ ਇਸ ਦਾ ਜਵਾਬ ਹੇਠਾਂ ਪੰਜ ਨੰਬਰ ਨੁਕਤੇ ਵਿਚ ਦਿੱਤਾ ਹੈ।

ਇਸ ਵਿਚਲੇ ਪਹਿਲੇ ਦੋ ਇਲਜ਼ਾਮ ਸ਼ਰਮਨਾਕ! ਘਟੀਆ!! ਤੇ ਹੋਛਾ ਪਰਚਾਰ ਹਨ। ਮੈਂ ਉਸ ਲਿੰਕ ਨੂੰ ਖੋਲ੍ਹ ਕੇ ਉਸ ਦਾ ਜਵਾਬ ਦਿੱਤਾ। ਉਸ ਦੇ ‘ਐਡਮਨਿਸਟਰੇਟਰ’ ਨੇ ਇਕ ਸਕਿੰਟ ਵਿਚ ਹੀ ਮੇਰਾ ਜਵਾਬ ਉਡਾ ਦਿੱਤਾ ਤੇ ਮਗਰੋਂ ਲਿਖ ਦਿੱਤਾ ‘ਦਿਲਗੀਰ ਸਾਹਿਬ ਤਾਂ ਜਵਾਬ ਹੀ ਨਹੀਂ ਦੇਂਦੇ ਕਿਉਂ ਕਿ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ’। .ਕਮਾਲ ਦੀ ਬਦਮਾਸ਼ੀ ਹੈ। ਜਵਾਬ ਮਿਟਾ ਦਿਓ ਤੇ ਉਲਟਾ ਕਹੋ ਕਿ ‘ਜਵਾਬ ਹੀ ਨਹੀਂ ਦੇਂਦੇ’। .ਇਹ ਹੋਛਾਪਣ ਹੈ।


ਖ਼ੈਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਏਥੇ ਦੇ ਰਿਹਾ ਹਾਂ:

ਜਵਾਬ

ੳ. ਮੈਂ ਸਿਰਫ਼ ਉਸ ਨੂੰ ਹੀ ਬਲਾੱਕ ਕਰਦਾ ਹਾਂ ਜੋ ਘਟੀਆ ਗੱਲਾਂ ਜਾਂ ਦੁਸ਼ਮਣੀ ਜਾਂ ਗਾਲ੍ਹਾਂ ਵਾਲੀ ਬੋਲੀ ‘ਤੇ ਉਤਰ ਆਉਂਦਾ ਹੈ। ਹਾਂ, ਜੋ ਜਾਣ ਬੁਝ ਕੇ ਅਤੇ ਵਾਰ ਵਾਰ ਮੇਰੇ ਨਾਲ ਪੰਙਾ ਲੈਂਦਾ ਹੈ ਜਾਂ ਮੇਰੇ ਪੇਜ/ਪੋਸਟਿੰਗ ‘ਤੇ ਗ਼ਲਤ ਪੋਸਟ ਪਾਉਂਦਾ ਹੈ, ਜਾਂ ਬੇਵਜਹ ਮੈਨੂੰ ਉਲਝਾ ਕੇ ਮੇਰਾ ਸਮਾਂ ਖਰਾਬ ਕਰਦਾ ਹੈ, ਮੈ ਉਸ ਨੂੰ ਬਲਾੱਕ ਨਹੀਂ ਕਰਦਾ ਹਾਂ, ‘ਅਨਫ਼ਰੈਂਡ’ ਜ਼ਰੂਰ ਕਰਦਾ ਹਾਂ। ਮਿਸਾਲ ਵਜੋਂ ਸ. ਵਰਿੰਦਰ ਸਿੰਘ ਗੋਲਡੀ ਨੇ ਸੁਖਪ੍ਰੀਤ ਊਦੋਕੇ ਸਬੰਧੀ ਮੇਰੀ ਇਕ ਪੋਸਟ ‘ਤੇ ਇਕ ਤਾਂ ਉਸ ਬੰਦੇ ਦੇ ਪੇਜ ਦੀ ਪੋਸਟਿੰਗ ਮੇਰੀ ਪੋਸਟਿੰਗ ‘ਤੇ ਪਾ ਕੇ ਉਸ ਦਾ ਨਾਜਾਇਜ਼ ਡਿਫ਼ੈਂਸ ਕੀਤਾ ਅਤੇ ਨਾਲ ਹੀ ਇਸੇ ਪੋਸਟ ‘ਤੇ ਪੁਰੇਵਾਲ ਦੇ ਕੈਲੰਡਰ ਦਾ ਨੁਕਤਾ ਛੇੜਿਆ ਤਾਂ ਮੈਂ ਉਨ੍ਹਾਂ ਨੂੰ ਅਨਫ਼ਰੈਂਡ ਕਰ ਦਿੱਤਾ (ਬਲਾੱਕ ਨਹੀਂ ਕੀਤਾ) ਕਿਉਂ ਕਿ ਮੇਰੀ ਉਸ ਪੋਸਟ ‘ਤੇ ਉਨ੍ਹਾਂ ਧੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਸੀ। ਜਿਸ ਗੱਲ ਵਾਸਤੇ ਪੋਸਟ ਪਾਈ ਹੋਵੇ ਉਸ ਸਬੰਧੀ ਵਿਚਾਰ ਪੇਸ਼ ਕਰੋ ਤਾਂ ਵਾਜਬ ਹੈ; ਪਰ ਕਿਸੇ ਹੋਰ ਨੁਕਤੇ ਨੂੰ ਛੇੜ ਕੇ ਮੇਰੇ ਪੇਜ ‘ਤੇ ਕਿਸੇ ਵਿਰੋਧੀ ਸ਼ਖ਼ਸ ਦੀ ਬੇਵਜਹ ਕਿਸੇ ਦੀ ਦਲਾਲੀ ਕਰੋ ਤਾਂ ਅਨਫ਼ਰੈਂਡ ਕਰਨਾ ਗ਼ਲਤ ਨਹੀਂ।

ਅ. ਇਹ ਕਹਿਣਾ ਕਿ ਪੁਰੇਵਾਲੀਏ ਇਸ ਕੈਲੰਡਰ ਸਬੰਧੀ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਚੁਕੇ ਹਨ; ਇਹ ਕੋਰਾ ਝੂਠ ਹੈ।ਪੁਰੇਵਾਲੀਏ ਕੈਲੰਡਰ  ਸਬੰਧੀ ਮੇਰੇ ਸਵਾਲ ਅੱਜ ਵੀ ਮੇਰੇ ‘ਨੋਟਜ਼’ ਵਿਚ ਪਏ ਹੋਏ ਹਨ। ਉਹ ਨੋਟ ਸਾਰੀ ‘ਪਬਲਿਕ’ ਵਾਸਤੇ ਹੈ ਨਾ ਕਿ ਸਿਰਫ਼ ‘ਫ਼ਰੈਂਡਜ਼’ ਵਾਸਤੇ। ਉਸ ਨੋਟ ਨੂੰ ਸਾਰੀ ਪਬਲਿਕ ਪੜ੍ਹ ਸਕਦੀ ਹੈ। ਉਹ ਵੀ ਪੜ੍ਹ ਸਕਦੇ ਹਨ ਜਿਨ੍ਹਾਂ ਨੂੰ ਮੈਂ ਅਨਫ਼ਰੈਂਡ ਕੀਤਾ ਹੋਵੇ ਜਾਂ ਕਦੇ ਵੀ ਫ਼ਰੈਂਡ ਨਾ ਬਣੇ ਹੋਣ। ਦਰਅਸਲ ਇਨ੍ਹਾਂ ਕੋਲ ਮੇਰੇ ਉਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ।

No comments: